ਹੈਦਰਾਬਾਦ: ਸਿੱਦੀਪੇਟ ਵਿੱਚ ਗੌਰਵੇਲੀ ਰਿਜ਼ਰਵਾਇਰ ਪ੍ਰੋਜੈਕਟ ਦੇ ਵਿਸਥਾਪਿਤ ਲੋਕਾਂ ਦਾ ਵਿਰੋਧ ਮੰਗਲਵਾਰ ਨੂੰ ਹਿੰਸਕ ਹੋ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਟੀਆਰਐਸ ਵਰਕਰਾਂ ਅਤੇ ਪੁਲਿਸ 'ਤੇ ਹਮਲਾ ਕੀਤਾ।
ਪ੍ਰਦਰਸ਼ਨਕਾਰੀਆਂ ਦੇ ਹਮਲੇ ਵਿੱਚ ਇੱਕ ਏਸੀਪੀ ਅਤੇ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਹਿੰਸਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਪੁਲਿਸ ਨੇ ਦੱਸਿਆ ਕਿ ਗੁਡਾਟੀਪੱਲੀ ਪਿੰਡ ਦੇ ਨਿਵਾਸੀਆਂ ਨੇ ਸਥਾਨਕ ਵਿਧਾਇਕ ਦੇ ਕੈਂਪ ਆਫਿਸ ਦੇ ਸਾਹਮਣੇ ਧਰਨਾ ਦਿੱਤਾ।
ਕੁਝ ਪ੍ਰਦਰਸ਼ਨਕਾਰੀਆਂ ਨੇ ਟੀਆਰਐਸ ਕੇਡਰ ਅਤੇ ਬਾਅਦ ਵਿੱਚ ਪੁਲਿਸ ਉੱਤੇ ਹਮਲਾ ਕੀਤਾ। ਪੁਲਿਸ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਉਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਏ.ਸੀ.ਪੀ 'ਤੇ ਪਾਈਪ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਏਸੀਪੀ ਦੇ ਸਿਰ ਵਿੱਚ ਸੱਟ ਲੱਗੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਝੜਪ ਦੌਰਾਨ ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਕਾਰਵਾਈ ਵੀ ਕੀਤੀ। ਪੁਲਿਸ ਦੀ ਕਾਰਵਾਈ ਵਿੱਚ ਕੁਝ ਪਿੰਡ ਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਸਿੱਦੀਪੇਟ ਪੁਲਿਸ ਕਮਿਸ਼ਨਰ ਐਨ ਸ਼ਵੇਤਾ ਨੇ ਕਿਹਾ ਕਿ ਪੁਲਿਸ ਨੇ ਤਾਕਤ ਦੀ ਵਰਤੋਂ ਨਹੀਂ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਜਾੜੇ ਵਾਲੇ ਗੁੱਸੇ 'ਚ ਆ ਗਏ ਅਤੇ ਪੁਲਿਸ ਵਾਲਿਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਰੋਕੂ ਹਿਰਾਸਤ ਵਿੱਚ ਨਹੀਂ ਲਿਆ ਗਿਆ।
ਵਰਣਨਯੋਗ ਹੈ ਕਿ ਗੁਡਾਟੀਪੱਲੀ ਪਿੰਡ ਵਿਚ ਪ੍ਰਸਤਾਵਿਤ ਗੌਰਵੇਲੀ ਜਲ ਭੰਡਾਰ ਦੇ ਉਜਾੜੇ ਗਏ ਲੋਕ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀ ਮੁੜ ਵਸੇਬੇ ਨਾਲ ਸਬੰਧਤ ਸਾਰੇ ਮਸਲੇ ਹੱਲ ਕਰਨ ਦੀ ਵੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਬੇਘਰ ਹੋਏ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: 'ਅਗਨੀਪਥ' ਨੂੰ ਲੈ ਕੇ ਹੰਗਾਮਾ, ਰੇਲਵੇ ਟਰੈਕ 'ਤੇ ਉਤਰੇ ਨੌਜਵਾਨ, ਮੁਜ਼ੱਫਰਪੁਰ 'ਚ ਅੱਗਜ਼ਨੀ