ਨਵੀਂ ਦਿੱਲੀ: ਭਾਰਤ ਦੀ ਜਨਤਾ ਨੂੰ ਅੱਜ (ਵੀਰਵਾਰ) ਪਤਾ ਲੱਗ ਜਾਵੇਗਾ ਕਿ ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਹੋਵੇਗਾ। ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪਈਆਂ ਹਨ ਅਤੇ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ 11 ਵਜੇ ਸੰਸਦ ਭਵਨ ਵਿਖੇ ਸ਼ੁਰੂ ਹੋਵੇਗੀ। ਦ੍ਰੋਪਦੀ ਮੁਰਮੂ ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਤੋਂ ਹੈ ਜਦਕਿ ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਉਮੀਦਵਾਰ ਹਨ। ਮੁਰਮੂ ਦੀ ਜਿੱਤ ਦੀ ਜ਼ਿਆਦਾ ਸੰਭਾਵਨਾ ਹੈ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੀ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ।
ਇਹ ਵੀ ਪੜੋ: ਗੈਂਗਸਟਰ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ !
ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਵੇਗਾ ਅਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਸਾਰੇ ਰਾਜਾਂ ਤੋਂ ਬੈਲਟ ਪੇਪਰ ਸੰਸਦ ਭਵਨ ਵਿੱਚ ਲਿਆਂਦੇ ਗਏ ਹਨ। ਚੋਣ ਅਧਿਕਾਰੀ ਸੰਸਦ ਦੇ ਕਮਰਾ ਨੰਬਰ 63 ਵਿੱਚ ਵੋਟਾਂ ਦੀ ਗਿਣਤੀ ਲਈ ਤਿਆਰ ਹਨ। ਇਸ ਕਮਰੇ ਵਿੱਚ ਬੈਲਟ ਪੇਪਰਾਂ ਦੀ 24 ਘੰਟੇ ਸੁਰੱਖਿਆ ਕੀਤੀ ਜਾ ਰਹੀ ਹੈ।
ਚੋਣ ਲਈ ਮੁੱਖ ਚੋਣ ਅਧਿਕਾਰੀ ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਅੱਜ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਨਗੇ। ਸ਼ਾਮ ਤੱਕ ਚੋਣ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਮੋਦੀ ਪਹਿਲਾਂ ਸੰਸਦ ਮੈਂਬਰਾਂ ਦੀਆਂ ਸਾਰੀਆਂ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਚੋਣ ਰੁਝਾਨਾਂ ਬਾਰੇ ਜਾਣਕਾਰੀ ਦੇਣਗੇ ਅਤੇ ਫਿਰ 10 ਰਾਜਾਂ ਦੀਆਂ ਵੋਟਾਂ ਦੀ ਵਰਣਮਾਲਾ ਅਨੁਸਾਰ ਗਿਣਤੀ ਕਰਨ ਤੋਂ ਬਾਅਦ ਦੁਬਾਰਾ ਜਾਣਕਾਰੀ ਸਾਂਝੀ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਲਈ ਸੋਮਵਾਰ ਨੂੰ ਸੰਸਦ ਭਵਨ ਸਮੇਤ 31 ਸਥਾਨਾਂ ਅਤੇ ਵਿਧਾਨ ਸਭਾਵਾਂ ਦੇ ਅੰਦਰ 30 ਕੇਂਦਰਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਕਈ ਰਾਜਾਂ ਵਿੱਚ ਮੁਰਮੂ ਦੇ ਹੱਕ ਵਿੱਚ ‘ਕਰਾਸ ਵੋਟਿੰਗ’ ਹੋਣ ਦੀਆਂ ਖ਼ਬਰਾਂ ਵੀ ਆਈਆਂ। ਰਾਸ਼ਟਰਪਤੀ ਚੋਣ ਵਿੱਚ ਮੈਂਬਰਾਂ ਨੂੰ ਵ੍ਹਿੱਪ ਜਾਰੀ ਨਹੀਂ ਕੀਤੇ ਜਾਂਦੇ ਹਨ। ਸੰਸਦ ਦੇ ਦੋਵੇਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ, ਅਤੇ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ, ਨਾਮਜ਼ਦ ਸੰਸਦ ਮੈਂਬਰਾਂ ਨੂੰ ਛੱਡ ਕੇ, ਰਾਸ਼ਟਰਪਤੀ ਚੋਣ ਵਿੱਚ ਵੋਟ ਦਿੰਦੇ ਹਨ।
ਰਾਸ਼ਟਰਪਤੀ ਚੋਣ ਵਿੱਚ 776 ਸੰਸਦ ਮੈਂਬਰਾਂ ਅਤੇ 4,033 ਚੁਣੇ ਗਏ ਵਿਧਾਇਕਾਂ ਸਮੇਤ ਕੁੱਲ 4,809 ਵੋਟਰ ਵੋਟ ਪਾਉਣ ਦੇ ਯੋਗ ਸਨ। ਨਾਮਜ਼ਦ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਵਿੱਚ ਵੋਟ ਨਹੀਂ ਪਾ ਸਕਦੇ ਹਨ। ਚੋਣ ਕਮਿਸ਼ਨ ਮੁਤਾਬਕ ਸੋਮਵਾਰ ਨੂੰ ਹੋਈ ਵੋਟਿੰਗ ਦੌਰਾਨ 99 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੰਨੀ ਦਿਓਲ ਅਤੇ ਸੰਜੇ ਧੋਤਰੇ ਸਮੇਤ ਅੱਠ ਸੰਸਦ ਮੈਂਬਰ ਵੋਟ ਨਹੀਂ ਪਾ ਸਕੇ। ਦਿਓਲ ਵੋਟਿੰਗ ਦੌਰਾਨ ਇਲਾਜ ਲਈ ਵਿਦੇਸ਼ ਚਲੇ ਗਏ ਹਨ ਜਦੋਂਕਿ ਧੋਤਰੇ ਆਈਸੀਯੂ ਵਿੱਚ ਦਾਖ਼ਲ ਹਨ।
ਇਹ ਵੀ ਪੜੋ: ਸੀਨੀਅਰ ਸਿਟੀਜ਼ਨਾਂ, ਖਿਡਾਰੀਆਂ ਨੂੰ ਫਿਰ ਤੋਂ ਕਿਰਾਏ 'ਚ ਛੋਟ ਦੇਣ ਦੀ ਕੋਈ ਯੋਜਨਾ ਨਹੀਂ: ਰੇਲ ਮੰਤਰੀ
ਭਾਜਪਾ ਅਤੇ ਸ਼ਿਵ ਸੈਨਾ, ਬਹੁਜਨ ਸਮਾਜ ਪਾਰਟੀ, ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਏਆਈਐਮਆਈਐਮ ਦੇ ਦੋ-ਦੋ ਵਿਧਾਇਕਾਂ ਨੇ ਸੋਮਵਾਰ ਨੂੰ ਵੋਟ ਨਹੀਂ ਪਾਈ। ਕੋਵਿੰਦ ਨੇ ਸਾਲ 2017 ਵਿੱਚ ਕੁੱਲ 10,69,358 ਵਿੱਚੋਂ 7,02,044 ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਚੋਣ ਜਿੱਤੀ ਸੀ। ਉਨ੍ਹਾਂ ਦੀ ਵਿਰੋਧੀ ਮੀਰਾ ਕੁਮਾਰ ਨੂੰ ਸਿਰਫ਼ 3,67,314 ਵੋਟਾਂ ਮਿਲੀਆਂ।