ਵਾਸ਼ਿੰਗਟਨ: ਇਕ ਸਾਬਕਾ ਸੀਨੀਅਰ ਭਾਰਤੀ ਡਿਪਲੋਮੈਟ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਅਤੇ ਅਮਰੀਕਾ ਬਿਹਤਰ ਸਬੰਧਾਂ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰੀ ਹਿੱਤਾਂ ਦੀ ਡੂੰਘੀ ਸਮਝ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ। ਅਮਰੀਕਾ ਦੇ ਸੀਨੀਅਰ ਅਧਿਕਾਰੀ ਵਜੋਂ ਆਪਣੇ ਕਾਰਜਕਾਲ ਦੇ ਸਮੇਂ ਤੋਂ ਉਹ ਬਿਹਤਰ ਜਾਣਦੇ ਹਨ ਕਿ ਵਾਸ਼ਿੰਗਟਨ ਨਾਲ ਕੀ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ।
1997 ਤੋਂ 2000 ਤੱਕ ਅਮਰੀਕਾ ਵਿੱਚ ਭਾਰਤ ਦੇ ਉਪ ਰਾਜਦੂਤ ਟੀਪੀ ਸ੍ਰੀਨਿਵਾਸਨ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਦੀ ਜੂਨ ਵਿੱਚ ਵਾਸ਼ਿੰਗਟਨ ਦੀ ਪ੍ਰਸਤਾਵਿਤ ਯਾਤਰਾ ਤੋਂ ਪਹਿਲਾਂ ਕੀਤੀ। ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡਨ ਦੇ ਸੱਦੇ 'ਤੇ ਜੂਨ 'ਚ ਵਾਸ਼ਿੰਗਟਨ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ 'ਤੇ ਰਵਾਨਾ ਹੋਣਗੇ। ਬਾਇਡਨ ਜੋੜਾ 22 ਜੂਨ ਨੂੰ ਮੋਦੀ ਦੇ ਸਨਮਾਨ ਵਿੱਚ ਇੱਕ ਸਰਕਾਰੀ ਦਾਅਵਤ ਦੀ ਮੇਜ਼ਬਾਨੀ ਵੀ ਕਰੇਗਾ। ਜਾਪਾਨ ਦੇ ਹੀਰੋਸ਼ੀਮਾ 'ਚ ਜੀ-7 ਸਿਖਰ ਸੰਮੇਲਨ ਦੌਰਾਨ ਮੋਦੀ ਅਤੇ ਬਾਇਡਨ ਵਿਚਾਲੇ ਹਾਲ ਹੀ 'ਚ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਸ਼੍ਰੀਨਿਵਾਸਨ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਲਈ ਬਹੁਤ ਵਧੀਆ ਦਿਨ ਆਉਣ ਵਾਲੇ ਹਨ।
ਉਸਨੇ ਕਿਹਾ, “ਜਿਵੇਂ ਕਿ ਅਸੀਂ ਹੀਰੋਸ਼ੀਮਾ ਵਿੱਚ ਦੇਖਿਆ, ਉਨ੍ਹਾਂ ਵਿਚਕਾਰ ਇੱਕ ਚੰਗਾ ਸਮੀਕਰਨ ਹੈ। ਅਤੇ ਅਜਿਹਾ ਲਗਦਾ ਹੈ ਕਿ ਉਹ ਇੱਕ ਬਿਹਤਰ ਰਿਸ਼ਤੇ ਲਈ ਤਿਆਰ ਹਨ।" ਸਾਬਕਾ ਡਿਪਲੋਮੈਟ ਨੇ ਕਿਹਾ ਕਿ ਤਿੰਨ ਮੁੱਦੇ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ਨੂੰ ਪ੍ਰਭਾਵਤ ਕਰ ਰਹੇ ਹਨ, ਪਹਿਲਾ-ਚੀਨ, ਦੂਜਾ-ਯੂਕਰੇਨ-ਰੂਸ ਯੁੱਧ ਅਤੇ ਤੀਜਾ-ਭਾਰਤ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਬਾਰੇ ਅਮਰੀਕੀ ਰਿਪੋਰਟ। ਭਾਰਤ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਯੂਕਰੇਨ ਸੰਕਟ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਵਿੱਚ ਘੱਟ ਗਿਣਤੀਆਂ ਦੀ ਹਾਲਤ ਬਾਰੇ ਅਮਰੀਕੀ ਰਿਪੋਰਟ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਵਿੱਚ ਮਤਭੇਦ ਹਨ।
ਸ੍ਰੀਨਿਵਾਸਨ ਨੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਇਹ ਤਿੰਨ ਮੁੱਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰਨਗੇ, ਪਰ ਇਹ ਸਬੰਧਾਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਦੋਵਾਂ ਦੇਸ਼ਾਂ ਨੂੰ ਇਸ ਮੁੱਦੇ 'ਤੇ ਬੈਠ ਕੇ ਗੱਲਬਾਤ ਕਰਨੀ ਹੋਵੇਗੀ ਅਤੇ ਆਪਸੀ ਸਮਝਦਾਰੀ ਬਣਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ।" ਉਸਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲੇ ਭਾਰਤ-ਅਮਰੀਕਾ ਸਬੰਧਾਂ ਦੇ ਨਿਰਧਾਰਨ ਕਾਰਕਾਂ ਵਿੱਚੋਂ ਨਹੀਂ ਹੋਣੇ ਚਾਹੀਦੇ।