ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸੰਸਦ ਮੈਂਬਰਾਂ ਲਈ ਬਣਾਏ ਬਹੁ ਮੰਜ਼ਿਲਾ ਫਲੈਟਾਂ ਦਾ ਉਦਘਾਟਨ ਕੀਤਾ। ਇਹ ਫਲੈਟ ਬੀਡੀ ਮਾਰਗ 'ਤੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹਨ।
8 ਪੁਰਾਣੇ ਬੰਗਲਿਆਂ, ਜੋ 80 ਸਾਲ ਤੋਂ ਵੱਧ ਪੁਰਾਣੇ ਸਨ, ਸਮੇਤ 76 ਫਲੈਟਾਂ ਦਾ ਨਿਰਮਾਣ ਕੀਤਾ ਗਿਆ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਅਨੁਸਾਰ ਮਿਥੀ ਗਈ ਰਕਮ ਚੋਂ 14 ਫੀਸਦੀ ਬਚਤ ਦੇ ਨਾਲ ਅਤੇ ਬਿਨਾਂ ਬਹੁਤਾ ਸਮਾਂ ਲਾਏ ਇਨ੍ਹਾਂ ਫਲੈਟਾਂ ਦਾ ਨਿਰਮਾਣ ਕਾਰਜ ਪੂਰਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਉਦਘਾਟਨ ਸਮੇਂ ਲੋਕਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 23 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਡਾ ਅੰਬੇਡਕਰ ਸੇਂਟਰ ਦਾ ਨਿਰਮਾਣ ਇਸੇ ਸਰਕਾਰ 'ਚ ਹੋਇਆ। ਉਨ੍ਹਾਂ ਕਿਹਾ ਕਿ 2014 ਚੋਂ ਸਦਨ 'ਚ ਇੱਕ ਨਵੀਂ ਰਫ਼ਤਾਰ ਆਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਨਾਲ ਆਪਣੀ ਸਰਕਾਰ ਦੌਰਾਨ ਕੀਤੇ ਕੰਮਾਂ ਜੰਮੂ ਕਸ਼ਮੀਰ 'ਚ ਬਣਾਏ ਕਾਨੂੰਨ, ਕਿਸਾਨਾਂ ਨੂੰ ਵਿਚੌਲਿਆਂ ਤੋਂ ਆਜ਼ਾਦ ਕਰਵਾਉਣ ਦੇ ਮੁੱਦੇ ਅਤੇ ਸਦਨ 'ਚੋਂ ਪਾਸ ਕੀਤੇ ਗਏ ਬਿਲਾਂ 'ਤੇ ਵੀ ਚਰਚਾ ਕੀਤੀ।