ਨਵੀਂ ਦਿੱਲੀ: ਦਿੱਲੀ ਉੱਚ-ਅਦਾਲਤ ਦੀ ਡਿਵੀਜ਼ਨ ਬੈਂਚ ਨੇ ਜੂਨੀਅਰ ਬੇਸਿਕ ਟ੍ਰੇਨਿੰਗ ਟੀਚਰਜ਼ ਭਰਤੀ ਘੁਟਾਲੇ ਮਾਮਲੇ ’ਚ 10 ਸਾਲ ਦੀ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪੈਰੋਲ 9 ਮਾਰਚ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਸਿਧਾਰਥ ਮ੍ਰਦੁਲ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕਰਦਿਆਂ ਚੌਟਾਲਾ ਦੀ ਜਲਦ ਰਿਹਾਈ ਦੀ ਮੰਗ ’ਤੇ ਸੁਣਵਾਈ 8 ਮਾਰਚ ਤੱਕ ਟਾਲ ਦਿੱਤੀ ਹੈ।
ਪਿਛਲੀ 20 ਫਰਵਰੀ ਨੂੰ ਜਸਟਿਸ ਯੋਗੇਸ਼ ਖੰਨਾ ਦੀ ਸਿੰਗਲ ਬੈਂਚ ਦੀ ਅਦਾਲਤ ਨੇ ਇਸ ਪਟੀਸ਼ਨ ਨੂੰ ਡਿਵੀਜ਼ਨ ਬੈਂਚ ਕੋਲ ਭੇਜ ਦਿੱਤਾ ਸੀ, ਉਸ ਸਮੇਂ ਅਦਾਲਤ ਨੇ ਚੌਟਾਲਾ ਦੀ ਜ਼ਮਾਨਤ 21 ਫਰਵਰੀ ਤੋਂ ਵਧਾ ਕੇ 23 ਫਰਵਰੀ ਤੱਕ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 18 ਦਿਸੰਬਰ 2019 ਨੂੰ ਅਦਾਲਤ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਉਹ ਓਮ ਪ੍ਰਕਾਸ਼ ਚੌਟਾਲਾ ਦੀ ਅਰਜ਼ੀ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ।
ਚੌਟਾਲਾ ਵੱਲੋਂ ਅਦਾਲਤ ’ਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦੇ ਵਿਸ਼ੇਸ਼ ਮੁਆਫ਼ੀ ਸਬੰਧੀ ਨਿਯਮਾਂ ਤਹਿਤ 60 ਸਾਲ ਤੋਂ ਉੱਪਰ ਦੇ ਮਰਦ ਕੈਦੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੋਵੇ, ਉਨ੍ਹਾਂ ਦੀ ਰਿਹਾਈ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਚੌਟਾਲਾ ਨੇ ਉਮਰ ਤੇ ਖ਼ਰਾਬ ਸਿਹਤ ਦਾ ਹਵਾਲਾ ਵੀ ਅਦਾਲਤ ਨੂੰ ਦਿੱਤਾ ਸੀ।
ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੇ ਕਿਹਾ ਕਿ ਚੌਟਾਲਾ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਦਸ ਸਾਲਾਂ ਦੀ ਸਜ਼ਾ ਮਿਲੀ ਹੈ ਅਤੇ ਵਰਤਮਾਨ ’ਚ ਉਨ੍ਹਾਂ ਦੀ ਉਮਰ ਕਰੀਬ 83 ਸਾਲਾਂ ਦੀ ਹੋ ਗਈ ਹੈ ਅਤੇ ਅਪ੍ਰੈਲ 2013 ਤੱਕ ਉਨ੍ਹਾਂ ਦਾ ਸ਼ਰੀਰ ’ਚ 60 ਫ਼ੀਸਦ ਤੋਂ ਜ਼ਿਆਦਾ ਵਿਕਲਾਂਗਤਾ ਹੈ। ਅਜਿਹੇ ’ਚ ਉਹ ਨਿਯਮਾਂ ਮੁਤਾਬਕ ਰਿਹਾਈ ਦੇ ਹੱਕਦਾਰ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਪੰਜ ਮੋਬਾਈਲ ਤੇ ਨਸ਼ਾ ਸਮੱਗਰੀ ਮਿਲੀ
ਦੱਸ ਦੇਈਏ ਕਿ ਜੇਬੀਟੀ ਭਰਤੀ ਘੁਟਾਲੇ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਚੌਟਾਲਾ 10 ਸਾਲਾਂ ਦੀ ਸਜ਼ਾ ਕੱਟ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਅਤੇ ਹੋਰ ਤਿੰਨ ਦੋਸ਼ੀ ਵੀ ਇਸ ਸਮੇਂ ਜੇਲ੍ਹ ’ਚ ਹਨ।