ਨਵੀਂ ਦਿੱਲੀ : 5 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਸੀ ਕਿ ਉਹ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗੀ। 22 ਜੁਲਾਈ 2021 ਤੋਂ ਹਰ ਦਿਨ, ਐਸ.ਕੇ.ਐਮ (S.K.M) ਨਾਲ ਜੁੜੇ ਹਰੇਕ ਸੰਗਠਨ ਦੇ ਪੰਜ ਪ੍ਰਦਰਸ਼ਨਕਾਰੀ ਭਾਰਤੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਐਸ.ਕੇ.ਐਮ ਦੇ ਅਨੁਸਾਰ ਵਿਰੋਧੀ ਪਾਰਟੀਆਂ ਨੂੰ ਇੱਕ ਪੱਤਰ ਵੀ ਲਿਖਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਰਗਰਮੀ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਉਭਾਰਨ।
ਓਹਨਾਂ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਪਾਰਟੀਆਂ ਇਹ ਯਕੀਨੀ ਬਣਾਉਣ ਕਿ ਕਿਸਾਨੀ ਅੰਦੋਲਨ ਅਤੇ ਇਸ ਦੀਆਂ ਮੰਗਾਂ ਮੁੱਖ ਮੁੱਦਾ ਬਣ ਜਾਣ ਅਤੇ ਸਾਡੀ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇ। ਅਸੀਂ ਨਹੀਂ ਚਾਹੁੰਦੇ ਕਿ ਵਿਰੋਧੀ ਧੜੇਬਾਜ਼ੀ ਪੈਦਾ ਕਰਨ ਜਾਂ ਕਾਰਵਾਈ ਤੋਂ ਹਟ ਜਾਣ, ਪਰ ਸੰਸਦ ਦੇ ਅੰਦਰ ਉਸਾਰੂ ਢੰਗ ਨਾਲ ਜੁੜੇ ਰਹਿਣ, ਜਦੋਂ ਕਿ ਕਿਸਾਨ ਬਾਹਰ ਵਿਰੋਧ ਪ੍ਰਦਰਸ਼ਨ ਕਰਨ।
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ ਕਿਸਾਨਾਂ ਦੀ 22 ਜੁਲਾਈ ਤੋਂ ਸੰਸਦ ਦਾ ਘੇਰਾਓ ਕਰਨ ਦੀ ਕੋਈ ਯੋਜਨਾ ਨਹੀਂ ਹੈ। ਦਿੱਲੀ ਪੁਲਿਸ ਇਸ ਸਬੰਧ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ। ਕਿਸਾਨਾਂ ਦਾ ਇੱਕ ਸਮੂਹ ਜੰਤਰ-ਮੰਤਰ ਵਿਖੇ ਜਾ ਕੇ ਕਿਸਾਨੀ ਸੰਸਦ ਦਾ ਪ੍ਰਬੰਧ ਕਰਨਾ ਚਾਹੁੰਦਾ ਹੈ। ਹਰ ਰੋਜ ਨਵਾਂ ਜੱਥਾ ਜਾਵੇਗਾ ਅਤੇ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਲਾਲ ਕਿੱਲ੍ਹਾ ਹਿੰਸਾ ਮਾਮਲਾ:ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ ਵਧਾਈ ਰੋਕ
ਅਸੀਂ ਇਹ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ ਹੈ। ਜੇ ਦਿੱਲੀ ਪੁਲਿਸ ਇਸ ਮਾਮਲੇ ਨੂੰ ਸੰਸਦ ਦੇ ਘੇਰਾਓ ਨਾਲ ਜੋੜਦੀ ਹੈ, ਤਾਂ ਇਹ ਬਿਲਕੁਲ ਅਰਥਹੀਣ ਹੈ। ਸਾਡਾ ਪ੍ਰੋਗਰਾਮ ਪਹਿਲਾਂ ਤੋਂ ਐਲਾਨਿਆ ਹੋਇਆ ਹੈ ਅਤੇ ਅਸੀਂ ਨਿਸ਼ਚਤ ਤੌਰ 'ਤੇ ਕਿਸਾਨ ਸੰਸਦ ਲਈ ਜੰਤਰ-ਮੰਤਰ ਜਾਵਾਂਗੇ।