ਪਟਨਾ: ਬਿਹਾਰ ਦੇ ਗਯਾ ਜ਼ਿਲ੍ਹੇ ਦੇ ਨਕਸਲ ਪ੍ਰਭਾਵਤ ਬਾਰਾਚੱਟੀ ਇਲਾਕੇ ਵਿੱਚ ਐਤਵਾਰ ਸਵੇਰੇ ਇੱਕ ਜ਼ੋਨਲ ਕਮਾਂਡਰ ਨੂੰ ਮਾਰ ਦਿੱਤਾ ਗਿਆ, ਉਥੇ ਦੋ ਨਾਗਰਿਕ ਵੀ ਮਾਰੇ ਗਏ। ਨਕਸਲੀ ਜ਼ੋਨਲ ਕਮਾਂਡਰ ਦੀ ਪਛਾਣ ਆਲੋਕ ਯਾਦਵ ਉਰਫ਼ ਗੁਲਸ਼ਨ ਵੱਜੋਂ ਹੋਈ ਹੈ। ਉਸ ਨਾਲ, ਇਸ ਘਟਨਾ ਵਿੱਚ ਦੇਵਰੀਆ ਪਿੰਡ ਦੇ ਮੁਖੀ ਦੇ ਸਾਲੇ ਸਮੇਤ ਦੋ ਪਿੰਡ ਵਾਸੀਆਂ ਦੀ ਵੀ ਮੌਤ ਹੋ ਗਈ।
ਪੁਲਿਸ ਦੇ ਵਧੀਕ ਐਸਪੀ (ਅਪ੍ਰੇਸ਼ਨ) ਰਾਜੇਸ਼ ਕੁਮਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੀਆਰਪੀਐਫ਼ ਕੋਬਰਾ ਟੀਮ ਦੀ ਜਵਾਬੀ ਗੋਲੀਬਾਰੀ ਵਿੱਚ ਆਲੋਕ ਯਾਦਵ ਮਾਰਿਆ ਗਿਆ।
ਉਨ੍ਹਾਂ ਕਿਹਾ, ''ਸ਼ਨੀਵਾਰ ਦੀ ਰਾਤ ਛੱਠ ਪੂਜਾ ਤੋਂ ਬਾਅਦ ਮਾਹੂਰੀ ਪਿੰਡ ਵਿੱਚ ਇੱਕ ਸੰਸਕ੍ਰਿਤਿਕ ਪ੍ਰੋਗਰਾਮ ਕਰਵਾਇਆ। ਦੇਵਰੀਆ ਪਿੰਡ ਦੇ ਮੁਖੀ ਦੇ ਸਾਲੇ ਬਰਜੇਂਦਰ ਸਿੰਘ ਯਾਦਵ ਨੂੰ ਮਾਹੂਰੀ ਪਿੰਡ ਵਿੱਚ ਪ੍ਰੋਗਰਾਮ ਦੇ ਮੁੱਖ ਮਹਿਮਾਨ ਵੱਜੋਂ ਬੁਲਾਇਆ ਗਿਆ ਸੀ। ਅੱਧੀ ਰਾਤ ਨੂੰ ਨਕਸਲੀਆਂ ਨੇ ਬਰਜੇਂਦਰ ਸਿੰਘ ਯਾਦਵ ਨੂੰ ਨਿਸ਼ਾਨਾ ਬਣਾ ਕੇ ਸਮਾਗਮ 'ਤੇ ਹਮਲਾ ਕੀਤਾ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਯਾਦਵ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ।
ਵਧੀਕ ਐਸਪੀ ਨੇ ਕਿਹਾ, ''ਪਿੰਡ ਵਾਸੀਆਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੰਦੇਸ਼ ਨੂੰ ਸੀਆਰਪੀਐਫ਼ ਕੋਬਰਾ ਟੀਮ ਤਕ ਪਹੁੰਚਾ ਦਿੱਤਾ। ਕੋਬਰਾ ਟੀਮ ਨੇ ਤਤਕਾਲ ਮਾਮਲੇ 'ਚ ਕਾਰਵਾਈ ਕਰਦਿਆਂ ਆਸਪਾਸ ਦੇ ਖੇਤਰਾਂ ਵਿੱਚ ਖੋਜ ਮੁਹਿੰਮ ਸ਼ੁਰੂ ਕੀਤੀ।''
ਪੁਲਿਸ ਅਧਿਕਾਰੀ ਨੇ ਕਿਹਾ, ''ਨਕਸਲੀਆਂ ਨੇ ਖ਼ੁਦ ਨੂੰ ਘਿਰਿਆ ਵੇਖ ਕੇ ਕੋਬਰਾ ਟੀਮ 'ਤੇ ਹਮਲਾ ਕਰ ਦਿੱਤਾ। ਕੋਬਰਾ ਟੀਮ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਠਭੇੜ ਇੱਕ ਘੰਟੇ ਤੱਕ ਜਾਰੀ ਰਹੀ। ਟੀਮ ਨੇ ਸਵੇਰ ਤੱਕ ਕਮਾਨ ਸੰਭਾਲੀ। ਜਦੋਂ ਸਵੇਰੇ ਮੁੜ ਖੋਜ ਮੁਹਿੰਮ ਚਲਾਈ ਗਈ ਤਾਂ ਆਲੋਕ ਯਾਦਵ ਉਰਫ਼ ਗੁਲਸ਼ਨ ਨਾਂਅ ਦਾ ਨਕਸਲੀ ਘਟਨਾ ਸਥਾਨ 'ਤੇ ਮ੍ਰਿਤਕ ਪਾਇਆ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਇੱਕ ਏਕੇ 47 ਰਾਈਫਲ ਅਤੇ ਇੰਸਾਸਾ ਰਾਈਫਲ ਉਥੋਂ ਬਰਾਮਦ ਕੀਤੀਆਂ।
ਉਨ੍ਹਾਂ ਕਿਹਾ, ''ਸੀਆਰਪੀਐਫ਼ ਕੋਬਰਾ ਟੀਮ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਖੋਜ ਮੁਹਿੰਮ ਜਾਰੀ ਹੈ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਆਲੋਕ ਯਾਦਵ 'ਤੇ 10 ਲੱਖ ਰੁਪਏ ਦਾ ਇਨਾਮ ਸੀ।''