ਪੀਲੀਭੀਤ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਖੀਮਪੁਰ ਜਾਣ ਦੇ ਲਈ ਬਾਜੀਪੁਰ ਤੋਂ ਨਿਕਲ ਚੁੱਕੇ ਹਨ। ਸਿੱਧੂ ਦੇ ਕਾਫਲੇ ਵਿੱਚ 2 ਦਰਜਨ ਤੋਂ ਵੱਧ ਗੱਡੀਆਂ ਦੱਸੀਆਂ ਜਾ ਰਹੀਆਂ ਹਨ। ਪੀਲੀਭੀਤ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਵਜੋਤ ਸਿੰਘ ਸਿੱਧੂ ਨੂੰ ਉਤਰਾਖੰਡ ਅਤੇ ਯੂਪੀ ਦੀ ਸਰਹੱਦ ਤੋਂ ਰਿਸੀਵ ਕਰ ਲਿਆ ਹੈ। ਸਖਤ ਸੁਰੱਖਿਆ ਵਿਚਾਲੇ ਨਵਜੋਤ ਸਿੰਘ ਸਿੱਧੂ ਨੂੰ ਜ਼ਿਲ੍ਹੇ ਦੀ ਸਰਹੱਦ ਪਾਰ ਕਰਵਾਇਆ ਜਾਵੇਗਾ।
ਸੀਓ ਮੈਜਿਸਟ੍ਰੇਟ ਸਮੇਤ ਹੋਰ ਸਾਰੇ ਅਧਿਕਾਰੀ ਸਿੱਧੂ ਦੇ ਕਾਫਲੇ ਦੇ ਨਾਲ ਚੱਲ ਰਹੇ ਹਨ। ਕੁਝ ਹੀ ਸਮੇਂ ਵਿੱਚ, ਸਿੱਧੂ ਪੀਲੀਭੀਤ ਜ਼ਿਲ੍ਹੇ ਦੀ ਸਰਹੱਦ ਪਾਰ ਕਰ ਜਾਣਗੇ। ਫਿਲਹਾਲ ਸਿੱਧੂ ਦੀ ਆਮਦ ਨੂੰ ਲੈ ਕੇ ਜ਼ਿਲੇ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਰੂਟ ਸਾਫ਼ ਕਰ ਦਿੱਤੇ ਗਏ ਹਨ।
ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਕਰਨਗੇ ਮੁਲਾਕਾਤ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਲਖੀਮਪੁਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਦੁਖ ਸਾਂਝਾ ਕਰਨਗੇ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਘਟਨਾ ਸਥਾਨ ਦਾ ਦੌਰਾ ਕਰ ਸਕਦੇ ਹਨ। ਨਵਜੋਤ ਸਿੰਘ ਸਿੱਧੂ ਦੀ ਆਮਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਖੀਮਪੁਰ ਜ਼ਿਲ੍ਹੇ ਸਮੇਤ ਪੀਲੀਭੀਤ ਜ਼ਿਲ੍ਹੇ ਵਿੱਚ ਤਿਆਰੀਆਂ ਕਰ ਲਈਆਂ ਹਨ। ਸਿੱਧੂ ਦੇ ਮਾਰਗ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਲਖੀਮਪੁਰ ਦੀ ਰਾਜਨੀਤੀ ਵਿੱਚ ਉਬਾਲ
ਨਵਜੋਤ ਸਿੰਘ ਸਿੱਧੂ ਪਹਿਲੇ ਆਗੂ ਨਹੀਂ ਹਨ ਜੋ ਲਖੀਮਪੁਰ ਲਈ ਰਵਾਨਾ ਹੋਏ ਹਨ। ਇਸ ਤੋਂ ਪਹਿਲਾਂ ਵੀ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾ ਲਖੀਮਪੁਰ ਲਈ ਰਵਾਨਾ ਹੋ ਚੁੱਕੇ ਸਨ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਗੂਆਂ ਦੀ ਝੜਪ ਵੀ ਹੋਈ। ਆਖ਼ਰਕਾਰ ਨੇਤਾਵਾਂ ਦਰਮਿਆਨ ਵੀ ਝੜਪ ਹੋ ਗਈ। ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਸਹਾਰਨਪੁਰ ਜ਼ਿਲ੍ਹੇ ਵਿੱਚ ਹਿਰਾਸਤ ’ਚ ਵੀ ਕੀਤਾ ਗਿਆ ਸੀ, ਪਰ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਰ ਸ਼ਾਮ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।
ਦੱਸ ਦਈਏ ਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਲਖੀਮਪੁਰ ਖੀਰੀ ਜਾਣ ’ਤੇ ਰੋਕਿਆ ਗਿਆ ਸੀ , ਇਸ ਦੌਰਾਨ ਸਿੱਧੂ ਦੇਰ ਰਾਤ ਬਾਜਪੁਰ ਪਹੁੰਚ ਗਏ ਸੀ। ਉਨ੍ਹਾਂ ਨੇ ਇੱਥੇ ਵਿਧਾਇਕ ਕੁਲਜੀਤ ਦੇ ਰਿਸ਼ਤੇਦਾਰ ਦੇ ਘਰ ’ਚ ਆਰਾਮ ਕੀਤਾ ਸੀ। ਨਵਜੋਤ ਸਿੰਘ ਸਿੱਧੂ ਬੀਤੇ ਦਿਨ ਲਖੀਮਪੁਰ ਖੀਰੀ ਦੇ ਲਈ ਨਿਕਲੇ ਸੀ। ਅਜਿਹੇ ’ਚ ਪੁਲਿਸ ਨੇ ਉਨ੍ਹਾਂ ਨੂੰ ਸਹਾਰਨਪੁਰ ਬਾਰਡਰ ’ਤੇ ਹੀ ਰੋਕ ਦਿੱਤਾ।
ਲਖੀਮਪੁਰ ਖੀਰੀ ਵਿਵਾਦ
ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਐਤਵਾਰ ਨੂੰ ਇੱਕ ਪ੍ਰੋਗਰਾਮ ਦੇ ਲਈ ਲਖੀਮਪੁਰ ਖੀਰੀ ਦੇ ਦੌਰੇ ’ਤੇ ਸੀ। ਇਸ ਵਿਚਾਲੇ ਕਿਸਾਨਾਂ ਨੇ ਮੌਰਿਆ ਦੇ ਦੌਰੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਗੱਡੀਆਂ ਦਾ ਇੱਕ ਕਾਫਲਾ ਕੇਸ਼ਵ ਪ੍ਰਸਾਦ ਮੌਰਿਆ ਨੂੰ ਰਿਸੀਵ ਕਰਨ ਦੇ ਲਈ ਜਾ ਰਹੇ ਸੀ। ਜਿਸ ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਵੀ ਸ਼ਾਮਲ ਸੀ। ਰਸਤੇ ’ਚ ਤਿਕੁਨੀਆ ਇਲਾਕੇ ਚ ਪ੍ਰਦਰਸ਼ਨਕਾਰੀ ਕਿਸਾਨਾਂ ਤੋਂ ਭਾਜਪਾ ਵਰਕਰਾਂ ਦੇ ਨਾਲ ਝੜਪ ਹੋ ਗਈ। ਇਲਜ਼ਾਮ ਹੈ ਕਿ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਜਿਸ ਚ ਚਾਰ ਲੋਕਾਂ ਦੀ ਮੌਤ ਹੋ ਗਈ। ਕਿਸਾਨਾਂ ਦੀ ਮੌਤ ਤੋਂ ਬਾਅਦ ਹਿੰਸਾ ਭੜਕ ਗਈ ਅਤੇ ਭਾਜਪਾ ਨੇਤਾ ਦੇ ਡਰਾਈਵਰ ਸਣੇ ਚਾਰ ਲੋਕ ਵੀ ਮਾਰੇ ਗਏ।
ਇਹ ਵੀ ਪੜੋ: ਲਖੀਮਪੁਰ ਹਿੰਸਾ ਬਾਰੇ ਕਾਰਵਾਈ ‘ਤੇ ਸੰਤੁਸ਼ਟ ਨਹੀਂ ਸੁਪਰੀਮ ਕੋਰਟ