ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਦੀ ਟਰੈਕਟਰ ਰੈਲੀ ’ਤੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀ ਤਰੱਕੀ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਛੇ ਸਾਲਾਂ ’ਚ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਨੂੰ ਨਵੀਂ ਤਕਨਾਲੌਜੀ ਨਾਲ ਜੋੜਨ ਲਈ, ਉਤਪਾਦਕਤਾ ਵਧਾਉਣ ਲਈ ਅਨੇਕ ਪ੍ਰਕਾਰ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਲਾਭ ਕਿਸਾਨਾਂ ਨੂੰ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਫ਼ਸਲ ਦਾ ਵਾਜ਼ਬ ਮੁੱਲ ਮਿਲ ਸਕੇ, ਕਿਸਾਨ ਮਹਿੰਗੀਆਂ ਫ਼ਸਲਾਂ ਪ੍ਰਤੀ ਆਕਰਸ਼ਿਤ ਹੋਣ, ਵਿਸ਼ਵ-ਪੱਧਰ ਦੀ ਮੰਗ ਮੁਤਾਬਕ ਖੇਤੀ ਕਰ ਸਕਣ, ਇਸ ਲਈ ਖੇਤੀ ਕਾਨੂੰਨ ਬਣਾਏ ਗਏ ਹਨ।
ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਨੀਅਤ ਬਹੁਤ ਸਾਫ਼ ਹੈ, ਪਰ ਮੈਨੂੰ ਦੁੱਖ ਹੈ ਕਿ ਕੁਝ ਕਿਸਾਨ ਸੰਗਠਨ, ਜਿਸ ’ਚ ਖ਼ਾਸਕਰ ਪੰਜਾਬ ਦੇ ਕਿਸਾਨ ਸੰਗਠਨ ਸ਼ਾਮਲ ਹਨ, ਇਸ ਦਾ ਵਿਰੋਧ ਕਰ ਰਹੇ ਹਨ।
ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਕੋਈ ਵੀ ਆਪਣੀ ਅਸਹਿਮਤੀ ਪ੍ਰਗਟਾ ਸਕਦਾ ਹੈ। ਜਦੋਂ ਅਸੀਂ ਕੁਝ ਕਿਸਾਨ ਸੰਗਠਨਾਂ ਨੂੰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਦੇਖਿਆ ਤਾਂ ਅਸੀਂ ਗੱਲਬਾਤ ਰਾਹੀਂ ਇਸ ਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ, ਅਤੇ ਸਾਨੂੰ ਹੁਣ ਵੀ ਉਮੀਦ ਹੈ ਕਿ ਮਾਮਲੇ ਦਾ ਹੱਲ ਨਿਕਲੇਗਾ।