ਝਾਰਖੰਡ: ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਸਿਰਫ਼ 40 ਕਿਲੋਮੀਟਰ ਦੂਰ ਇੱਕ ਜ਼ਿਲ੍ਹਾ ਹੈ ਖੁੰਟੀ। ਸ਼ਹਿਰ ਦੀ ਚਕਾਚੌਂਧ ਤੋਂ ਉਲਟ, ਇਸ ਅੱਤਵਾਦੀ, ਨਕਸਲ ਪ੍ਰਭਾਵਤ ਖੇਤਰ ਵਿੱਚ ਸੜਕ, ਪਾਣੀ ਅਤੇ ਬਿਜਲੀ ਦੀ ਸਮੱਸਿਆ ਆਮ ਹੈ। ਈਟੀਵੀ ਭਾਰਤ ਦੀ ਟੀਮ ਅਜਿਹੇ ਹੀ ਇੱਕ ਪਿੰਡ ਵਿੱਚ ਪਹੁੰਚੀ। ਖੁੰਟੀ ਦੇ ਮੁਰਹੂ ਬਲਾਕ ਦੇ ਇਸ ਪਿੰਡ ਦਾ ਨਾਂਅ ਕੁੰਜਰਾਂਗ ਹੈ।
ਕੁੰਜਰਾਂਗ ਦੇ ਪਿੰਡ ਵਾਸੀਆਂ ਨੇ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਪਰ ਚਾਡਾ ਪਹਾਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਚਾਡਾ ਦੀ ਪਤਨੀ ਅਮਨ ਪਹਾਨ ਅਕਸਰ ਬੀਮਾਰ ਰਹਿੰਦੀ ਸੀ ਅਤੇ ਉਸ ਨੂੰ ਪਾਣੀ ਲਈ ਪਹਾੜਾਂ ਦੀ ਦੂਰ ਤੱਕ ਯਾਤਰਾ ਕਰਨੀ ਪੈਂਦੀ ਸੀ। ਬੱਸ ਇਹੀ ਗੱਲ ਚਾਡਾ ਨੂੰ ਨਾਗਵਾਰ ਸੀ। ਇੱਕ ਦਿਨ ਜਦੋਂ ਚਾਡਾ ਪਹਾੜ 'ਤੇ ਲੱਕੜ ਲਿਆਉਣ ਗਿਆ ਤਾਂ ਉਸਨੇ ਚੱਟਾਨਾਂ ਵਿਚੋਂ ਪਾਣੀ ਰਿਸਦਾ ਵੇਖਿਆ। ਉਸਨੇ ਸੋਚਿਆ, ਕਿਉਂ ਨਾ ਪਹਾੜ ਉੱਤੇ ਖੂਹ ਬਣਾਇਆ ਜਾਵੇ, ਜਿਸ ਵਿੱਚ ਪਾਣੀ ਜਮ੍ਹਾਂ ਹੋ ਜਾਵੇਗਾ ਅਤੇ ਸਿੱਧਾ ਪਾਈਪ ਰਾਹੀਂ ਪਿੰਡ ਪਹੁੰਚ ਜਾਵੇਗਾ। ਫਿਰ ਕੀ ਸੀ, ਨਿਕਲ ਗਏ ਛੈਣੀ-ਹਥੌੜਾ ਲੈ ਕੇ, ਪਹਾੜ ਦਾ ਸਾਹਮਣਾ ਕਰਨ।
ਚਾਡਾ ਦੇ ਘਰ ਤੋਂ ਪਹਾੜ ਦੀ ਦੂਰੀ ਤਕਰੀਬਨ ਪੰਜ ਸੌ ਮੀਟਰ ਹੈ। ਚਾਡਾ ਨੂੰ ਇਸ ਪਹਾੜ ਉੱਤੇ 250 ਫੁੱਟ ਉੱਚੇ ਖੂਹ ਨੂੰ ਪੁੱਟਣ ਵਿੱਚ ਤਕਰੀਬਨ ਇੱਕ ਸਾਲ ਲੱਗਿਆ। ਇਸ ਕੰਮ ਵਿੱਚ ਨਾ ਤਾਂ ਪਰਿਵਾਰ ਦੇ ਮੈਂਬਰਾਂ ਅਤੇ ਨਾ ਹੀ ਪਿੰਡ ਵਾਸੀਆਂ ਨੇ ਉਸ ਦੀ ਮਦਦ ਕੀਤੀ। ਚਾਡਾ ਦੀ ਬਦੌਲਤ ਕੁੰਜਰਾਂਗ ਦੇ ਪਿੰਡ ਵਾਸੀਆਂ ਨੂੰ ਹੁਣ ਚੌਵੀ ਘੰਟੇ ਪਾਣੀ ਮਿਲਦਾ ਹੈ, ਉਹ ਵੀ ਬਿਜਲੀ ਅਤੇ ਪੰਪਾਂ ਤੋਂ ਬਗੈਰ। ਹਾਲਾਂਕਿ, ਚਿੰਤਾ ਇਸ ਗੱਲ ਦੀ ਹੈ ਕਿ ਗਰਮੀਆਂ ਵਿੱਚ ਪਾਣੀ ਸੁੱਕਣ ਕਾਰਨ ਫਿਰ ਕਿੱਲ੍ਹਤ ਹੋਣ ਲੱਗ ਜਾਂਦੀ ਹੈ।
ਕੁੰਜਰਾਂਗ ਦੇ ਪਿੰਡ ਵਾਸੀਆਂ ਦੀ ਇਹ ਸਮੱਸਿਆ ਖ਼ਤਮ ਹੋ ਸਕਦੀ ਹੈ, ਪਰ ਇਸ ਦੇ ਲਈ ਹਰ ਵਿਅਕਤੀ ਨੂੰ ਮਾਉਂਨਟੇਨ ਮੈਨ ਬਣਨਾ ਪਵੇਗਾ, ਜੋ ਕਿ ਸੌਖਾ ਨਹੀਂ ਹੈ। ਹਾਂ, ਸਰਕਾਰ ਚਾਹੇ ਤਾਂ ਕੁਝ ਹੋ ਸਕਦਾ ਹੈ। ਹਾਲਾਂਕਿ, ਇੱਕ ਆਮ ਆਦੀਵਾਸੀ ਚਾਡਾ ਪਹਾਨ ਨੇ ਜੋ ਕੁੱਝ ਕੀਤਾ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਚਾਡਾ ਦੀ ਇਹ ਕਹਾਣੀ ਬਿਹਾਰ ਦੇ ਪਹਾੜਧਾਰਾ ਦਸ਼ਰਥ ਮਾਂਝੀ ਵਰਗੀ ਹੈ, ਜਿਸ ਨੇ ਪਹਾੜ ਦੀ ਛਾਤੀ ਵੱਢ ਕੇ ਆਪਣੀ ਪਤਨੀ ਲਈ ਰਾਹ ਬਣਾਇਆ ਸੀ।