ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਡੇਢ ਦਹਾਕਿਆਂ ਦੀਆਂ ਵਿਧਾਨ ਸਭਾ ਤੇ ਲੋਕਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਰਾਜਸੀ ਪਾਰਟੀਆਂ ਨੇ ਫਿਲਮੀ ਹਸਤੀਆਂ ਤੇ ਪੰਜਾਬੀ ਗਾਇਕਾਂ ਨੂੰ ਆਪੋ ਆਪਣੇ ਧੜੇ ਵਿੱਚ ਸ਼ਾਮਲ ਕੀਤਾ ਹੈ। ਚੋਣਾਂ ਆਉਂਦਿਆਂ ਹੀ ਇਨ੍ਹਾਂ ਮਨੋਰੰਜਕ ਹਸਤੀਆਂ ਦੀ ਅਹਿਮੀਅਤ ਰਾਜਸੀ ਪਾਰਟੀਆਂ ਲਈ ਵਧ ਜਾਂਦੀ ਹੈ। ਤਾਜਾ ਮਿਸਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ (Moosewala joins Congress) ਕਰਵਾਇਆ ਗਿਆ ਹੈ ਪਰ ਇਸੇ ਚੋਣ ਸਰਗਰਮੀ ਵਿੱਚ ਇਸ ਤੋਂ ਪਹਿਲਾਂ ਵੀ ਕੁਝ ਹੋਰ ਮਨੋਰੰਜਕ ਹਸਤੀਆਂ ਦੀ ਰਾਜਸੀ ਹਿਲਜੁਲ ਸਪਸ਼ਟ ਵੇਖਣ ਨੂੰ ਮਿਲੀ (Other entainers also remain active in Punjab Politics) ਹੈ।
ਆਗੂ ਲੱਗੇ ਮਨੋਰੰਜਕ ਹਸਤੀਆਂ ਨੂੰ ਰਿਝਾਉਣ
ਕੋਰੋਨਾ ਕਾਲ ਵਿੱਚ ਲੋਕਾਂ ਦੇ ਮਦਦਗਾਰ ਬਣੇ ਬਾਲੀਵੁੱਡ ਸਿਤਾਰੇ ਸੋਨੂੰ ਸੂਦ ਪਿਛਲੇ ਕੁਝ ਦਿਨਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਹਾਲਾਂਕਿ ਉਨ੍ਹਾਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਪਰ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਬਾਅਦ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਤੇ ਇਸ ਵੇਲੇ ਉਨ੍ਹਾਂ ਦੀ ਭੈਣ ਦੇ ਚੋਣ ਲੜਨ ਦੇ ਚਰਚੇ ਹਨ। ਸੱਤਾ ਧਿਰ ਕਾਂਗਰਸ ਦੇ ਆਪਣੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਲਾਫਟਰ ਸ਼ੋਅ ਵਿੱਚੋਂ ਆਏ ਹਨ ਤੇ ਇਸੇ ਸ਼ੋਅ ਦੀ ਪ੍ਰਸਿੱਧੀ ਉਨ੍ਹਾਂ ਲਈ ਰਾਜਨੀਤੀ ਵਿੱਚ ਸ਼ੌਹਰਤ ਲਈ ਵੀ ਕੰਮ ਆਈ।
ਕਮੇਡੀ ਕਲਾਕਾਰ ਵੀ ਫਿੱਟ ਸਾਬਤ ਹੋਏ
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਮਨੋਰੰਜਕ ਹਸਤੀਆਂ ਦਾ ਲਾਹਾ ਲੈਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਸ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਮਨੋਰੰਜਨ ਦੀ ਦੁਨੀਆ ਤੋਂ ਸਬੰਧਤ ਹਨ ਤੇ ਆਪਣੀ ਪਾਰਟੀ ਨੂੰ ਉਨ੍ਹਾਂ ਨੇ ਮਜਬੂਤ ਕੀਤਾ। ਭਗਵੰਤ ਮਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਮੇਡੀ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਵੀ ਸੂਬਾ ਪ੍ਰਧਾਨ ਬਣਾਇਆ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਛੇਤੀ ਹੀ ਅਹੁਦੇ ਤੋਂ ਲਾਹ ਦਿੱਤਾ ਤੇ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ, ਹਾਲਾਂਕਿ ਘੁੱਗੀ ਕਾਂਗਰਸ ਵਿੱਚ ਵੀ ਸਰਗਰਮ ਨਹੀਂ ਰਹੇ।
ਮਹਿਲਾ ਗਾਇਕਾਵਾਂ ਵੀ ਸਰਗਰਮ
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ਤੇ ਉਹ ਪੂਰੇ ਸਰਰਮ ਹਨ। ਮਹਿਲਾ ਪੰਜਾਬੀ ਗਾਇਕਾਂ ਵਿੱਚੋਂ ਸਤਵਿੰਦਰ ਬਿੱਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੱਲਾ ਫੜਿਆ ਸੀ ਤੇ ਉਹ ਸਾਹਨੇਵਾਲ ਤੋਂ ਚੋਣ ਹਾਰ ਗਏ ਸੀ ਤੇ ਪਿਛਲੇ ਦਿਨੀਂ ਮੁੱਖ ਮੰਤਰੀ ਬਦਲਣ ਵੇਲੇ ਇੱਕ ਵਾਰ ਫੇਰ ਸਰਗਰਮ ਦਿਸੇ।
ਭਾਜਪਾ ਨੇ ਉਤਾਰੇ ਫਿਲਮੀ ਸਿਤਾਰੇ
ਪੰਜਾਬੀ ਗਾਇਕਾਂ ਵਿੱਚੋਂ ਹੀ ਆਮ ਆਦਮੀ ਪਾਰਟੀ ਨੇ ਗਾਇਕ ਬੱਬੂ ਮਾਨ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਮਲ ਕਰਨਾ ਚਾਹਿਆ ਪਰ ਉਹ ਸ਼ਾਮਲ ਨਹੀਂ ਹੋਏ। ਇਸੇ ਤਰ੍ਹਾਂ ਭਾਜਪਾ ਨੇ ਬਾਲੀਵੁੱਡ ਦੇ ਦੋ ਵੱਡੇ ਸਿਤਾਰਿਆਂ ਸੰਨੀ ਦਿਓਲ ਤੇ ਕਿਰਨ ਖੇਰ ’ਤੇ ਦਾਅ ਖੇਡਿਆ ਤੇ ਦੋਵਾਂ ਨੇ ਸੀਟਾਂ ਪਾਰਟੀ ਦੀ ਝੋਲੀ ਵਿੱਚ ਪਾਈਆਂ ਤੇ ਇਸੇ ਤਰ੍ਹਾਂ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਦਿੱਲੀ ਤੋਂ ਚੋਣ ਲੜਾਈ ਤੇ ਉਹ ਜਿੱਤ ਗਏ। ਪੰਜਾਬੀ ਗਾਇਕਾਂ ਵਿੱਚੋਂ ਕਾਂਗਰਸ ਨੇ ਵੀ ਮੁਹੰਮਦ ਸਦੀਕ ਨੂੰ ਪਹਿਲਾਂ ਭਦੌੜ ਤੋਂ ਵਿਧਾਇਕ ਅਤੇ ਬਾਅਦ ਵਿੱਚ ਫਰੀਦਕੋਟ ਤੋਂ ਸੰਸਦ ਮੈਂਬਰ ਬਣਾਇਆ। ਇਸ ਤੋਂ ਇਲਾਵਾ ਜੱਸੀ ਜਸਰਾਜ ਅਤੇ ਬਲਕਾਰ ਸਿੱਧੂ ਵੀ ਵੱਖ-ਵੱਖ ਪਾਰਟੀਆਂ ਵਿੱਚ ਸ਼ਾਮਲ ਹੁੰਦੇ ਰਹੇ ਹਨ।
ਸਫਲਤਾ ਤੇ ਅਸਫਲਤਾ
ਹਾਲਾਂਕਿ ਕਈ ਮਨੋਰੰਜਕ ਹਸਤੀਆਂ ਰਾਜਨੀਤੀ ਵਿੱਚ ਫੇਲ੍ਹ ਵੀ ਸਾਬਤ ਹੋਈਆਂ ਪਰ ਪਿਛਲੇ ਦੋ ਦਹਾਕਿਆਂ ਤੋਂ ਮਨੋਰੰਜਕ ਹਸਤੀਆਂ ਰਾਜਨੀਤੀ ਵਿੱਚ ਕਾਮਯਾਬ ਹੁੰਦੀਆਂ ਦਿਸ ਰਹੀਆਂ ਹਨ। ਪਾਰਟੀ ਲਈ ਭਾਵੇਂ ਪ੍ਰਚਾਰ ਦੀ ਗੱਲ ਹੋਵੇ ਜਾਂ ਫੇਰ ਚੋਣ ਲੜਨ ਦੀ, ਮਨੋਰੰਜਕ ਹਸਤੀਆਂ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।
ਇਹ ਵੀ ਪੜ੍ਹੋ:ਮੂਸੇਵਾਲਾ ਦੀ ਸਿਆਸਤ ’ਚ ਐਂਟਰੀ, ਕਾਂਗਰਸ ਦਾ ਫੜ੍ਹਿਆ ਪੱਲਾ