ਤੇਜਪੁਰ: ਮਨੀਪੁਰ ਵਿੱਚ ਵੀਰਵਾਰ ਰਾਤ ਨੂੰ ਭੀੜ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ਉੱਤੇ ਹਮਲਾ ਕਰ ਦਿੱਤਾ। ਇਹ ਘਟਨਾ ਇੰਫਾਲ ਈਸਟ 'ਚ ਰਾਤ 8-9 ਵਜੇ ਦੇ ਕਰੀਬ ਵਾਪਰੀ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਸੰਸਦ ਮੈਂਬਰ ਦੇ ਘਰ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਗੋਲੀਬਾਰੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਸੁਰੱਖਿਆ ਬਲਾਂ ਦੀ ਤਿੰਨ ਰਾਊਂਡ ਗੋਲੀਬਾਰੀ ਤੋਂ ਬਾਅਦ ਪ੍ਰਦਰਸ਼ਨਕਾਰੀ ਖਿੰਡ ਗਏ। ਇਸ ਦੌਰਾਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਕੇਂਦਰ ਸਰਕਾਰ ’ਤੇ ਦੋਸ਼: ਦੱਸਿਆ ਜਾਂਦਾ ਹੈ ਕਿ ਅਤੀਤ 'ਚ ਹੋਈ ਹਿੰਸਾ ਦਾ ਕੋਈ ਹੱਲ ਨਾ ਹੋਣ ਕਾਰਨ ਮੇਇਤੀ ਭਾਈਚਾਰੇ ਦੀ ਅਗਵਾਈ ਵਾਲੀ ਭੀੜ ਨੇ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਸੰਸਦ ਮੈਂਬਰ ਦੇ ਘਰ 'ਤੇ ਹਮਲਾ ਕੀਤਾ । ਉਨ੍ਹਾਂ ਕੇਂਦਰ ਸਰਕਾਰ ’ਤੇ ਮਸਲੇ ਦੇ ਹੱਲ ਵੱਲ ਧਿਆਨ ਨਾ ਦੇਣ ਦਾ ਦੋਸ਼ ਵੀ ਲਾਇਆ। ਪ੍ਰਦਰਸ਼ਨਕਾਰੀਆਂ ਨੇ ਮਣੀਪੁਰ ਦੇ ਜੰਗਲਾਤ ਮੰਤਰੀ ਬਿਸਵਜੀਤ ਸਿੰਘ ਦੀ ਰਿਹਾਇਸ਼ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਖ਼ਤ ਸੁਰੱਖਿਆ ਕਾਰਨ ਅਸਫਲ ਰਹੇ। ਕੁਝ ਰਾਜਨੀਤਿਕ ਨੇਤਾਵਾਂ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਮਿਆਂਮਾਰ ਸਮਰਥਿਤ ਕੁਕੀ ਅੱਤਵਾਦੀ ਸਮੂਹ ਸ਼ਾਮਲ ਸਨ।
3 ਮਈ ਦੀ ਘਟਨਾ: ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਸਮੇਂ ਮੰਤਰੀ ਆਰਕੇ ਰੰਜਨ ਸਿੰਘ ਆਪਣੇ ਘਰ ਵਿੱਚ ਮੌਜੂਦ ਸਨ। ਉਹ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋ ਗਏ। ਕੇਂਦਰੀ ਮੰਤਰੀ ਦੇ ਘਰ 'ਤੇ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਰਾਜਪਾਲ ਅਨੁਸੂਈਆ ਉਈਕੇ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਹਾਲਾਤ 'ਤੇ ਚਰਚਾ ਕੀਤੀ। ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਹਾਟੀ 'ਚ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਮੰਤਰੀ ਨਾਲ ਮੁਲਾਕਾਤ ਕਰਨਗੇ। ਪਰ ਉਨ੍ਹਾਂ ਦੇ ਇਸ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਸੂਬੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ।ਜ਼ਿਕਰਯੋਗ ਹੈ ਕਿ 3 ਮਈ ਨੂੰ ਆਦਿਵਾਸੀ ਵਿਿਦਆਰਥੀ ਯੂਨੀਅਨ ਨੇ ਮਣੀਪੁਰ ਦੇ ਚੂਰਾਚੰਦਪੁਰ ਵਿੱਚ ਮੇਇਤੀ ਭਾਈਚਾਰੇ ਨੂੰ ਕਬਾਇਲੀ ਦਰਜਾ ਦੇਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਬਾਅਦ ਵਿੱਚ ਇਹ ਹਿੰਸਕ ਹੋ ਗਿਆ ਸੀ। ਮਣੀਪੁਰ ਵਿੱਚ ਲਗਭਗ 25,000 ਲੋਕ ਬੇਘਰ ਹੋ ਗਏ ਸਨ ਅਤੇ ਹਿੰਸਾ ਵਿੱਚ 71 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 231 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।