ਨਵੀਂ ਦਿੱਲੀ: ਮਾਡਲ ਟਾਉਨ ਖੇਤਰ ਵਿੱਚ ਹੋਈ ਪਹਿਲਵਾਨ ਸਾਗਰ ਦੇ ਕਤਲ ਦਾ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਅਜੇ ਵੀ ਫਰਾਰ ਹੈ। ਓਲੰਪਿਕ ਤਗਮਾ ਜੇਤੂ ਸੁਸ਼ੀਲ ਪਹਿਲਵਾਨ ਦੀ ਭਾਲ ਵਿੱਚ ਪੁਲਿਸ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਰਹੀ। ਇਸ ਦੌਰਾਨ ਉੱਤਰ-ਪੱਛਮੀ ਜ਼ਿਲ੍ਹਾ ਪੁਲਿਸ ਨੇ ਮੁਲਜ਼ਮ ਸੁਸ਼ੀਲ ਕੁਮਾਰ ਖ਼ਿਲਾਫ਼ ਲੁੱਕ ਆਉਟ ਸਰਕੂਲਰ ਜਾਰੀ ਕੀਤਾ ਹੈ ਤਾਂ ਜੋ ਉਹ ਵਿਦੇਸ਼ ਭੱਜ ਨਾ ਸਕੇ।
ਕੀ ਹੈ ਮਾਮਲਾ ?
ਜਾਣਕਾਰੀ ਮੁਤਾਬਕ ਲੰਘੇ ਮੰਗਲਵਾਰ ਨੂੰ ਛਤਰਸਾਲ ਸਟੇਡੀਅਮ ਉੱਤੇ ਪਹਿਲਵਾਨਾਂ ਦੇ ਦੋ ਸਮੂਹਾਂ ਵਿੱਚ ਝਗੜਾ ਹੋਇਆ ਸੀ। ਇਸ ਲੜਾਈ ਵਿੱਚ ਤਿੰਨ ਪਹਿਲਵਾਨ ਸਾਗਰ, ਸੋਨੂੰ ਅਤੇ ਅਮਿਤ ਕੁੱਟਮਾਰ ਨਾਲ ਜ਼ਖਮੀ ਹੋਏ ਸੀ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਸਾਗਰ ਦੀ ਮੌਤ ਹੋ ਗਈ। ਮੌਕੇ 'ਤੇ ਪੁਲਿਸ ਨੂੰ ਕੁਝ ਕਾਰਾਂ, ਦੁਨਾਲੀ ਗਨ ਅਤੇ ਜ਼ਿੰਦਾ ਕਾਰਤੂਸ ਮਿਲੇ ਸੀ। ਇਸ ਘਟਨਾ ਸਬੰਧੀ ਮਾਡਲ ਟਾਉਨ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਕਤਲ ਦੇ ਇਸ ਮਾਮਲੇ ਵਿੱਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਪਹਿਲਵਾਨ ਦਾ ਨਾਂਅ ਸਾਹਮਣੇ ਆਇਆ ਹੈ। ਇਸ ਘਟਨਾ 'ਚ ਜ਼ਖਮੀ ਹੋਏ ਸੋਨੂੰ ਨੇ ਬਿਆਨ 'ਚ ਸੁਸ਼ੀਲ 'ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਾਰਨ ਪੁਲਿਸ ਸੁਸ਼ੀਲ ਨੂੰ ਮੁੱਖ ਮੁਲਜ਼ਮ ਵਜੋਂ ਲੱਭਣ ਲਈ ਲਗਾਤਾਰ ਦਬਾਅ ਪਾ ਰਹੀ ਹੈ।
ਕਈ ਕਰੀਬੀਆਂ ਨਾਲ ਪੁੱਛਗਿੱਛ, ਛਾਪੇਮਾਰੀ ਜਾਰੀ
ਇਸ ਮਾਮਲੇ ਵਿੱਚ ਸੁਸ਼ੀਲ ਪਹਿਲਵਾਨ ਦੀ ਭਾਲ ਕਰ ਰਹੀ ਦਿੱਲੀ ਪੁਲਿਸ ਆਲੇ ਦੁਆਲੇ ਦੇ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਇਲਾਵਾ ਸੁਸ਼ੀਲ ਪਹਿਲਵਾਨ ਦੇ ਸਹੁਰੇ ਗੁਰੂ ਸਤਪਾਲ ਦੇ ਨਾਲ ਕਈ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸੁਸ਼ੀਲ ਗ੍ਰਿਫ਼ਤਾਰੀ ਤੋਂ ਬਚਣ ਲਈ ਦੇਸ਼ ਤੋਂ ਭੱਜ ਸਕਦਾ ਹੈ। ਇਸ ਕਾਰਨ ਉਸ ਦੇ ਖ਼ਿਲਾਫ਼ ਲੁੱਕ ਆਉਟ ਸਰਕੂਲਰ ਜਾਰੀ ਕੀਤਾ ਗਿਆ ਹੈ।