ਨਵੀਂ ਦਿੱਲੀ: ਕਿਸਾਨ ਲਗਾਤਾਰ ਦਿੱਲੀ ਪਹੁੰਚਣ ਲਈ ਜਦੋ-ਜਹਿਦ ਕਰ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉੱਥੇ ਹੀ ਦਿੱਲੀ ਵਿੱਚ ਮੈਟਰੋ ਟ੍ਰੇਨ ਵੀ ਕੁੱਝ ਘੰਟਿਆਂ ਲਈ ਕੁੱਝ ਰੂਟਾਂ ਉੱਤੇ ਰੋਕ ਦਿੱਤੀ ਗਈ। ਦਿੱਲੀ ਪੁਲਿਸ, ਹਰਿਆਣਾ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਜਗ੍ਹਾ-ਜਗ੍ਹਾ ਉੱਤੇ ਤਾਇਨਾਤ ਸਨ ਅਤੇ ਡਰੋਨ ਰਾਹੀਂ ਵੀ ਹਰ ਹੋਣ ਵਾਲੀ ਘਟਨਾ ਤੇ ਨਜ਼ਰ ਰੱਖਣ ਲਈ ਸੁਰੱਖਿਆ ਬਲਾਂ ਤਿਆਰੀ ਕੀਤੀ ਹੋਈ ਹੈ। ਕਿਸਾਨਾਂ ਉੱਪਰ ਕੁਝ ਜਗ੍ਹਾ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਪਾਣੀ ਦੀਆਂ ਤੋਪਾਂ ਦੀ ਬੌਛਾਰ ਵੀ ਹੋਈ।
ਇਸ ਸਭ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਭਾਵੇਂ ਸਰਕਾਰ ਨੇ 3 ਦਸੰਬਰ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਬੈਠਕ ਲਈ ਸੱਦਾ ਦਿੱਤਾ ਹੈ, ਪਰ ਇਸ ਤਰ੍ਹਾਂ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਤੋਪਾਂ ਦੇ ਹਮਲੇ ਠੀਕ ਨਹੀਂ।
ਦੇਸ਼ ਦੇ ਵਾਸੀਆਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਆਉਣ ਤੋਂ ਰੋਕਣ ਉੱਤੇ ਉਨ੍ਹਾਂ ਨੇ ਕਿਹਾ ਕਿ ਇਹ ਅੱਸੀ ਦੇ ਦਹਾਕੇ ਵਿੱਚ ਭਜਨ ਲਾਲ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਤਸ਼ੱਦਦਾਂ ਨੂੰ ਯਾਦ ਕਰਵਾਉਂਦਾ ਹੈ।
ਅਕਾਲੀ ਦਲ ਵੱਲੋਂ ਇਸ ਬਾਬਤ ਕੀ ਕੀਤਾ ਜਾ ਰਿਹਾ ਹੈ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਛੇਤੀ ਹੀ ਅਕਾਲੀ ਦਲ ਇਸ ਉੱਤੇ ਇੱਕ ਐਮਰਜੈਂਸੀ ਬੈਠਕ ਸੱਦੇਗਾ।
ਜ਼ਿਕਰਯੋਗ ਹੈ ਕਿ ਹਰਿਆਣਾ ਚੋਣਾਂ ਵੇਲੇ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀ। ਚੌਟਾਲਾ ਪਰਿਵਾਰ ਦੇ ਮੈਂਬਰ ਹੀ ਇਸ ਵੇਲੇ ਹਰਿਆਣਾ ਦੇ ਉਪ ਮੁੱਖ ਮੰਤਰੀ ਹਨ ਚਾਹੇ ਉਹ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਅਲੱਗ ਹਨ ਪਰ ਕਿਸਾਨ ਚੌਟਾਲਾ ਪਰਿਵਾਰ ਨਾਲ ਨਾਰਾਜ਼ ਹਨ।