ਏਰਨਾਕੁਲਮ: ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਅਦਾਲਤ ਨੇ ਸ਼ਨੀਵਾਰ ਨੂੰ ਕੇਰਲਾ ਦੇ ਏਰਨਾਕੁਲਮ ਵਿੱਚ ਇੱਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਇੱਕ ਵਿਅਕਤੀ ਨੂੰ ਆਰੋਪੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। ਆਰੋਪੀ ਮੋਨਸਨ ਮਾਵੰਕਲ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ।
ਚੇਰਥਲਾ ਦਾ ਵਸਨੀਕ, ਉਹ ਕਥਿਤ ਤੌਰ 'ਤੇ ਨਕਲੀ ਪੁਰਾਤਨ ਵਸਤਾਂ ਦਾ ਵਪਾਰੀ ਹੈ। ਉਸ 'ਤੇ 2019 'ਚ ਕਈ ਵਾਰ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਕੱਲ੍ਹ ਹੇਠਲੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ। ਏਰਨਾਕੁਲਮ ਜ਼ਿਲ੍ਹਾ ਪੋਕਸੋ ਅਦਾਲਤ ਨੇ ਮੋਨਸਨ ਮਾਵੰਕਲ ਨੂੰ ਪੋਕਸੋ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਆਰੋਪੀ ਪਾਇਆ। ਇਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਲੜਕੀ ਦੀ ਮਾਂ, ਜੋ ਉਸ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਸੀ, ਵੱਲੋਂ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ 2019 ਵਿੱਚ ਉਸ ਦੀ ਧੀ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਡਰ ਦੇ ਮਾਰੇ ਕਈ ਦਿਨ ਚੁੱਪ ਰਹੀ। ਲੜਕੀ ਦੇ ਬਾਲਗ ਹੋਣ ਤੋਂ ਬਾਅਦ ਕਥਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ, ਜ਼ਿਲ੍ਹਾ ਅਪਰਾਧ ਸ਼ਾਖਾ ਨੇ ਸਤੰਬਰ 2021 ਵਿੱਚ 10 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੋਨਸਨ ਨੂੰ ਗ੍ਰਿਫਤਾਰ ਕੀਤਾ ਸੀ। ਮੋਨਸਨ ਉਦੋਂ ਤੋਂ ਜੇਲ੍ਹ ਵਿੱਚ ਹੈ ਅਤੇ 10 ਮਾਮਲਿਆਂ ਵਿੱਚ ਮੁਲਜ਼ਮ ਹੈ।
ਨਵੰਬਰ 2021 ਵਿੱਚ, ਲੜਕੀ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਆਰੋਪੀ ਤੋਂ ਲੜਕੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੇਰਲ ਹਾਈ ਕੋਰਟ ਤੱਕ ਪਹੁੰਚ ਕੀਤੀ। ਪਿਛਲੇ ਸਾਲ ਸੁਪਰੀਮ ਕੋਰਟ ਨੇ ਮਾਨਸਨ ਨੂੰ ਇਸ ਆਧਾਰ 'ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ 'ਤੇ ਲੱਗੇ ਦੋਸ਼ ਗੰਭੀਰ ਹਨ। ਇਸ ਦੇ ਨਾਲ ਹੀ ਕੇਪੀਸੀਸੀ ਪ੍ਰਧਾਨ ਐਮਪੀ ਸੁਧਾਕਰਨ ਨੂੰ ਪੁਲਿਸ ਨੇ ਮਾਨਸਨ ਧੋਖਾਧੜੀ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ।