ਤਿਰੂਵਨੰਤਪੁਰਮ: ਸੱਪ ਫੜ੍ਹਨ ਲਈ ਬਹੁ ਚਰਚਿਤ ਕੇਰਲ ਦਾ ਨੌਜਵਾਨ ਵਾਵਾ ਸੁਰੇਸ਼ (Vava Suresh) ਨੂੰ ਕੋਬਰਾ ਨੇ ਡੰਗ ਲਿਆ ਹੈ। ਉਹ ਗੰਭੀਰ ਹਾਲਤ ਵਿੱਚ ਹਸਪਤਾਲ ਜ਼ੇਰੇ ਇਲਾਜ ਹੈ। ਕੋਟਾਯਮ ਜ਼ਿਲ੍ਹੇ ਵਿੱਚ ਇਕ ਰੈਸਕਿਊ ਦੌਰਾਨ ਇਹ ਹਾਦਸਾ ਵਾਵਾ ਸੁਰੇਸ਼ ਨਾਲ ਵਾਪਰਿਆ। ਕੋਟਾਯਮ ਦੇ ਕੁਰਿਚਿ ਪਿੰਡ ਦਾ ਇਕ ਸਥਾਨਕ ਵਾਸੀ ਰੇਸਕਿਊ ਆਪ੍ਰੇਸ਼ਨ ਦੀ ਵੀਡੀਓ ਬਣਾ ਰਿਹਾ ਸੀ ਜਿਸ ਵਿੱਚ ਸੱਪ ਵਲੋਂ ਸੁਰੇਸ਼ ਨੂੰ ਡੰਗੇ ਜਾਣ ਦੀ ਸਾਰੀ ਘਟਨਾ ਕੈਦ ਹੋ ਗਈ। ਫਿਲਹਾਲ ਸੁਰੇਸ਼ ਕੋਟਾਯਮ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹੈ।
ਵੀਡੀਓ ਵਿੱਚ ਦਿਖ ਰਿਹਾ ਹੈ ਕਿ ਜਿਵੇਂ ਹੀ ਸੁਰੇਸ਼ ਨੇ ਇਕ ਬੋਰੇ ਵਿੱਚ ਸੱਪ ਨੂੰ ਰੱਖਣ ਦੀ ਕੋਸ਼ਿਸ਼ ਕੀਤੀ, ਉਹ ਉਨ੍ਹਾਂ ਦੇ ਪੈਰਾਂ ਕੋਲ ਆ ਗਿਆ ਅਤੇ ਗੋਡੇ ਤੋਂ ਉੱਪਰ ਵਾਲੀ ਥਾਂ 'ਤੇ ਡੰਗ ਮਾਰ ਦਿੱਤਾ। ਹਾਲਾਂਕਿ, ਉਹ ਸੱਪ ਨੂੰ ਬੋਰੇ ਵਿੱਚ ਰੱਖਣ 'ਚ ਕਾਮਯਾਬ ਹੋ ਗਏ। ਸਥਾਨਕ ਲੋਕਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਸੁਰੇਸ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।
ਦੱਸਣਯੋਗ ਹੈ ਕਿ ਵਾਵਾ ਸੁਰੇਸ਼ ਨੇ 25 ਸਾਲਾਂ ਵਿੱਚ 50,000 ਸੱਪਾਂ ਨੂੰ ਫੜ੍ਹਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿੰਗ ਕੋਬਰਾ ਨੂੰ ਵੀ ਫੜ੍ਹਿਆ। ਸੁਰੇਸ਼ ਸਿਰਫ਼ ਕੇਰਲ ਵਿੱਚ ਹੀ ਨਹੀਂ, ਸਗੋਂ ਪੂਰੇ ਭਾਰਤ ਅਤੇ ਭਾਰਤ ਤੋਂ ਬਾਹਰ ਵੀ ਸੱਪਾਂ ਨੂੰ ਫੜ੍ਹਨ ਲਈ ਜਾਣੇ ਜਾਂਦੇ ਹਨ। ਕੇਰਲ ਦਾ ਵਾਵਾ ਸੁਰੇਸ਼ ਭਾਰਤ ਵਿੱਚ 'ਸਨੈਕਮੈਨ' ਨਾਮ ਨਾਲ ਮਸ਼ਹੂਰ ਹੈ।
ਦੱਸ ਦਈਏ ਕਿ 2 ਵਾਰ ਸੱਪ ਦੇ ਡੰਗਣ ਤੋਂ ਬਾਅਦ ਵੀ ਵਾਵਾ ਸੁਰੇਸ਼ ਵੇਂਟੀਲੇਟਰ ਤੋਂ ਵਾਪਸ ਆ ਚੁੱਕੇ ਹਨ। ਇਸ ਤੋਂ ਪਹਿਲਾਂ ਖਗੜਿਆ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ ਜਿੱਥੇ ਇਕ ਸੱਪ ਫੜ੍ਹਨ ਵਾਲੇ ਨੂੰ ਹੀ ਸੱਪ ਨੇ ਡੰਗ ਲਿਆ ਸੀ, ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਖੇਤ 'ਚ ਮਜ਼ਦੂਰੀ ਕਰ ਰਹੀ ਨਾਬਾਲਗ ਨਾਲ ਜਬਰ ਜਨਾਹ