ਚੰਡੀਗੜ੍ਹ : ਪੰਜਾਬ ਵਿੱਚ ਡੇਰਾ ਬਾਬਾ ਨਾਨਕ ਤੋਂ ਲੈ ਕੇ ਲਹਿੰਦੇ ਪੰਜਾਬ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਤੱਕ ਦੇ ਥੋੜ੍ਹੀ ਜਹੀ ਦੂਰੀ ਨੂੰ ਪੂਰਾ ਕਰਨ ਲਈ ਭਾਵੇਂ ਲੰਮਾ ਸਮਾਂ ਲੱਗ ਗਿਆ ਪਰ ਇਸ ਰਾਹ (ਲਾਂਘੇ) ਨੂੰ ਖੁੱਲ੍ਹਵਾਉਣ ਦੀ ਉਮੀਦ ਉਸ ਵੇਲੇ ਜਗੀ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਸੀ। ਲਾਂਘਾ ਖੋਲ੍ਹਣ ਦੀ ਸ਼ੁਰੂਆਤ ਵੀ ਪਾਕਿਸਤਾਨ ਵੱਲੋਂ ਹੋਈ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰਕੇ ਇਸ ਪਵਿੱਤਰ ਦਿਹਾੜੇ ’ਤੇ ਲਾਂਘਾ ਖੋਲ੍ਹਣ ਦਾ ਇਸ਼ਾਰਾ ਕੀਤਾ ਤੇ ਇਥੋਂ ਹੀ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ।
ਇਸ ਦੌਰਾਨ ਕ੍ਰਿਕੇਟਰ ਤੋਂ ਨੇਤਾ ਬਣੇ ਨਵਜੋਤ ਸਿੱਧੂ ਦੀਆਂ ਕੋਸ਼ਿਸਾਂ ਵੀ ਰਹੀਆਂ ਕਿ ਲਾਂਘਾ ਖੁੱਲ੍ਹੇ। ਉਹ ਇਮਰਾਨ ਖਾਨ ਦੀ ਤਾਜਪੋਸ਼ੀ ਸਮਾਗਮ ਵਿੱਚ ਗਏ ਤੇ ਉਥੋਂ ਹੀ ਲਾਂਘਾ ਖੁੱਲ੍ਹਣ ਦਾ ਮੁੱਢ ਬੱਝਿਆ ਗਿਆ। ਹਾਲਾਂਕਿ ਕਈ ਹੋਰ ਸਖ਼ਸ਼ੀਅਤਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਵੀ ਇਹ ਮੰਗ ਜੋਰ ਸ਼ੋਰ ਨਾਲ ਉਠਾਈ ਪਰ ਲਾਂਘਾ ਖੁੱਲ੍ਹਣ ਵੇਲੇ ਸਾਰੇ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲੱਗ ਪਏ। ਲਾਂਘ ਖੁੱਲ੍ਹਣ ਤੋਂ ਪਹਿਲਾਂ ਦੋਵੇਂ ਪਾਸਿਉਂ ਸੜ੍ਹਕਾਂ ਤੇ ਹੋਰ ਸਵਾਗਤੀ ਗੇਟਾਂ ਦੀਆਂ ਉਸਾਰੀਆਂ ਹੋਈਆਂ ਤੇ ਆਖਰ ਨੌ ਨਵੰਬਰ 2019 ਨੂੰ ਲਾਂਘਾ ਖੁਲ੍ਹ ਗਿਆ।
ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ ਤੇ ਉਸ ਵੇਲੇ ਇਸ ਮੁੱਦੇ ਨੂੰ ਕੌਮਾਂਤਰੀ ਮੁੱਦਾ ਦੱਸਦਿਆਂ ਲਾਂਘਾ ਖੁੱਲ੍ਹਣ ਪਿੱਛੇ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੀ ਮੁੱਖ ਤੌਰ ’ਤੇ ਉਭਾਰਿਆ ਗਿਆ। ਉਦਘਾਟਨ ਮੌਕੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ ਪਰ ਕੇਂਦਰ ਸਰਕਾਰ ਨੇ ਲਾਂਘਾ ਖੋਲ੍ਹਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। ਇਸੇ ਦੌਰਾਨ ਬਾਅਦ ਵਿੱਚ ਕੋਰੋਨਾ ਕਾਲ ਕਰਕੇ ਇਹ ਰਸਤਾ ਬਿਲਕੁਲ ਬੰਦ ਹੋ ਗਿਆ, ਜਿਹੜਾ ਕੀ ਅੱਜ ਤੱਕ ਨਹੀਂ ਖੁਲ੍ਹ ਸਕਿਆ। ਇਹ ਲਾਂਘਾ ਨੌ ਨਵੰਬਰ 2019 ਨੂੰ ਖੁੱਲ੍ਹਿਆ ਸੀ ਤੇ ਅੱਜ 2021 ਹੋ ਗਈ ਹੈ ਤੇ ਇਸ ਨੂੰ ਹੁਣ ਮੁੜ ਇਸ ਲਾਂਘੇ ਨੂੰ ਖੁਲ੍ਹਵਾਉਣ ਦੀ ਮੰਗ ਕੀਤੀਆਂ ਜਾ ਰਹੀਆਂ ਹਨ।
ਕਰਤਾਰਪੁਰ ਸਾਹਿਬ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਜਿੱਥੇ ਉਨ੍ਹਾਂ ਖੇਤੀਬਾੜੀ ਕਰਦਿਆਂ ਸੰਗਤ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੀ। ਇਸ ਕਰਕੇ ਸਿੱਖ ਸੰਗਤਾਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਵਿਚ ਇਸ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਹਮੇਸ਼ਾ ਤੋਂ ਹੀ ਕਾਫੀ ਚਾਹ ਹੈ ਜੋ ਕਿ ਹੁਣ ਪੂਰੀ ਹੋ ਗਈ ਸੀ। ਲਾਂਘਾ ਬੰਦ ਪਿਆ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਉਚੇਚੇ ਤੌਰ ’ਤੇ ਡੇਰਾ ਬਾਬਾ ਨਾਨਕ ਪੁੱਜੇ ਹਨ ਤੇ ਉਥੇ ਲਾਂਘਾ ਖੋਲ੍ਹਣ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ ਖੁਲ੍ਹਣ ਦੀ ਦੂਜੀ ਵਰ੍ਹੇਗੰਢ ਮੌਕੇ ਸਿੱਧੂ ਪੰਹੁਚੇ ਡੇਰਾ ਬਾਬਾ ਨਾਨਕ