ਬੈਂਗਲੁਰੂ: ਹਿਜਾਬ ਵਿਵਾਦ 'ਤੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੋਸ਼ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਹਿਜਾਬ ਵਿਵਾਦ ਕਾਰਨ ਕਰਨਾਟਕ ਵਿੱਚ ਪ੍ਰੀ-ਯੂਨੀਵਰਸਿਟੀ ਕਾਲਜ ਅਤੇ ਸਕੂਲ ਬੰਦ ਕਰਨੇ ਪਏ ਹਨ। ਕੁੜੀਆਂ ਨੂੰ ਹਿਜਾਬ ਪਾ ਕੇ ਜਮਾਤ ਵਿੱਚ ਦਾਖ਼ਲਾ ਨਾ ਮਿਲਣ ਕਾਰਨ ਹਿਜਾਬ ਵਿਵਾਦ ਖੜ੍ਹਾ ਹੋ ਗਿਆ ਹੈ। ਹਿਜਾਬ ਵਿਵਾਦ 'ਤੇ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।
ਹਿਜਾਬ ਵਿਵਾਦ 'ਤੇ ਤਾਜ਼ਾ ਘਟਨਾਕ੍ਰਮ 'ਚ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਕੁਝ ਧਾਰਮਿਕ ਸੰਗਠਨ ਵਿਦਿਆਰਥੀਆਂ ਨੂੰ ਧੋਖਾ ਦੇ ਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਸ ਨੇ ਹਿਜਾਬ ਬਾਰੇ ਕਿਹਾ ਕਿ ਸਿਰਫ਼ ਕੁਝ ਵਿਦਿਆਰਥੀ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਨੂੰ ਹਿਜਾਬ ਪਹਿਨਣ ਅਤੇ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਗ੍ਰਹਿ ਮੰਤਰੀ ਗਿਆਨੇਂਦਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਰਨਾਟਕ ਹਾਈ ਕੋਰਟ ਦੇ ਅੰਤਰਿਮ ਆਦੇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਸ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ।
ਗੌਰਤਲਬ ਹੈ ਕਿ ਹਿਜਾਬ ਵਿਵਾਦ 'ਤੇ ਕਰਨਾਟਕ ਹਾਈ ਕੋਰਟ ਦੇ ਅੰਤਰਿਮ ਆਦੇਸ਼ 'ਚ ਵਿਦਿਆਰਥੀਆਂ ਨੂੰ ਹਿਜਾਬ, ਸਿਰ ਦਾ ਸਕਾਰਫ਼ ਜਾਂ ਭਗਵਾ ਸਕਾਰਫ਼ ਪਾ ਕੇ ਕਲਾਸਾਂ 'ਚ ਦਾਖ਼ਲ ਨਾ ਹੋਣ ਲਈ ਕਿਹਾ ਗਿਆ ਹੈ।
ਕਰਨਾਟਕ ਹਾਈ ਕੋਰਟ ਦੇ ਹੁਕਮਾਂ 'ਤੇ ਗ੍ਰਹਿ ਮੰਤਰੀ ਗਿਆਨੇਂਦਰ ਨੇ ਕਿਹਾ ਕਿ ਸੂਬੇ 'ਚ ਸ਼ਾਂਤੀ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਬਿਨਾਂ ਕਿਸੇ ਰੁਕਾਵਟ ਦੇ ਜਮਾਤਾਂ ਵਿੱਚ ਭਾਗ ਲੈ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਜਾਂ ਅਸੁਰੱਖਿਆ ਦੀ ਭਾਵਨਾ ਤੋਂ ਆਪਣੀਆਂ ਵਿੱਦਿਅਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ:ਕਾਂਗਰਸ ਨੂੰ ਇੱਕ ਹੋਰ ਝਟਕਾ, ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਛੱਡਿਆ 'ਹੱਥ ਦਾ ਸਾਥ'