ਨਵੀਂ ਦਿੱਲੀ: ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਇੰਡੀਗੋ ਦੀ ਫਲਾਈਟ 'ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਮਾਮਲਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ। ਫਲਾਈਟ 'ਚ ਦੇਰੀ ਹੋਣ ਕਾਰਨ ਇਕ ਯਾਤਰੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ। ਇਸ ਤੋਂ ਬਾਅਦ ਫਲਾਈਟ 'ਚ ਹੰਗਾਮਾ ਹੋ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪਾਇਲਟ ਦੇ ਮੁੱਕਾ ਮਾਰਿਆ: ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਕਿੰਨਾ ਗੁੱਸੇ 'ਚ ਹੈ। ਉਸ ਦਾ ਕਹਿਣਾ ਹੈ ਕਿ ਲੋਕ ਬੈਠ ਕੇ ਪਾਗਲ ਹੋ ਗਏ ਹਨ। ਜੇਕਰ ਫਲਾਈਟ ਟੇਕ ਆਫ ਨਹੀਂ ਕਰਨੀ, ਤਾਂ ਗੇਟ ਖੋਲ੍ਹ ਦਿਓ ਤਾਂ ਜੋ ਤੁਸੀਂ ਬਾਹਰ ਨਿਕਲਿਆ ਜਾ ਸਕੇ। ਇਸ ਦੌਰਾਨ ਫਲਾਈਟ ਦੇ ਅੰਦਰ ਮੌਜੂਦ ਏਅਰ ਹੋਸਟੈੱਸ ਪਲੀਜ਼, ਪਲੀਜ਼ ਕਰਦੇ ਹੋਏ ਬੇਨਤੀ ਕਰਦੀ ਹੋਈ ਨਜ਼ਰ ਆਈ। ਜਦੋਂ ਯਾਤਰੀ ਨੇ ਮੁੱਕਾ ਮਾਰਿਆ, ਤਾਂ ਏਅਰ ਹੋਸਟੈਸ ਵੀ ਪਰੇਸ਼ਾਨ ਹੋ ਕੇ ਰੋਣ ਲੱਗੀ। ਇਸ ਸਬੰਧੀ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਵਿਜ਼ੀਬਿਲਟੀ ਘੱਟ ਹੋਣ ਕਰਕੇ ਫਲਾਈਟਾਂ ਲੇਟ: ਅੱਜ ਵੀ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਸੰਘਣੀ ਧੁੰਦ ਛਾਈ ਹੋਈ ਹੈ। ਰਨਵੇ 'ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਮੱਸਿਆ ਆ ਰਹੀ ਹੈ। ਮੌਸਮ ਵਿਭਾਗ ਨੇ ਸਵੇਰੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਸੀ ਅਤੇ ਇਸ ਦੇ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਸੀ। ਐਤਵਾਰ ਨੂੰ ਵੀ ਆਈਜੀਆਈ ਏਅਰਪੋਰਟ ਦੀ ਹਾਲਤ ਬਹੁਤ ਖਰਾਬ ਰਹੀ। ਹਵਾਈ ਅੱਡੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਨ ਭਰ ਵਿੱਚ 200 ਉਡਾਣਾਂ ਦੇਰੀ ਨਾਲ ਚੱਲੀਆਂ ਅਤੇ 10 ਰੱਦ ਕੀਤੀਆਂ ਗਈਆਂ ਅਤੇ ਕਈ ਉਡਾਣਾਂ ਨੂੰ ਡਾਇਵਰਟ ਵੀ ਕੀਤਾ ਗਿਆ।
ਐਤਵਾਰ ਨੂੰ ਦੁਪਹਿਰ 12:00 ਤੋਂ 5:00 ਵਜੇ ਦਰਮਿਆਨ ਚੰਗੀ ਧੁੱਪ ਹੋਣ 'ਤੇ ਵਿਜ਼ੀਬਿਲਟੀ ਵਿੱਚ ਸੁਧਾਰ ਹੋਇਆ। ਇਸ ਦੌਰਾਨ ਹਵਾਈ ਯਾਤਰੀਆਂ ਨੂੰ ਰਾਹਤ ਮਿਲੀ, ਪਰ ਇਸ ਤੋਂ ਬਾਅਦ ਫਿਰ ਤੋਂ ਖਰਾਬ ਮੌਸਮ ਕਾਰਨ ਸਥਿਤੀ ਹੌਲੀ-ਹੌਲੀ ਉਹੀ ਹੋ ਗਈ, ਜੋ ਅੱਜ ਸਵੇਰ ਤੱਕ ਬਣੀ ਹੋਈ ਹੈ।