ਨਵੀਂ ਦਿੱਲੀ: ਭਾਰਤ ਸਰਕਾਰ ਨੇ ਗੁਜਰਾਤ ਦੇ ਤੱਟ ਨੇੜੇ ਅਰਬ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਦੇ ਨੇੜੇ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀਐਮਐਸਏ) ਦੁਆਰਾ ਇੱਕ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਬਿਨ੍ਹਾਂ ਭੜਕਾਹਟ ਦੇ ਗੋਲੀਬਾਰੀ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਵਿੱਚ ਇੱਕ ਭਾਰਤੀ ਮਛੇਰੇ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਿੱਲੀ ਵਿੱਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਵੱਲੋਂ ਭਾਰਤੀ ਕਿਸ਼ਤੀ 'ਤੇ ਬਿਨ੍ਹਾਂ ਭੜਕਾਹਟ ਦੇ ਗੋਲੀਬਾਰੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਮੁੱਦੇ ਨੂੰ ਪਾਕਿਸਤਾਨ ਕੋਲ ਕੂਟਨੀਤਕ ਪੱਧਰ 'ਤੇ ਉਠਾਇਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਦੇ ਕਰਮਚਾਰੀਆਂ ਨੇ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਇੱਕ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ।
ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਵਾਪਰੀ।
ਉਨ੍ਹਾਂ ਦੱਸਿਆ ਕਿ ਪੀਐਮਐਸਏ ਦੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਮਛੇਰੇ ਦਾ ਗੁਜਰਾਤ ਦੇ ਓਖਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੇਵਭੂਮੀ ਦਵਾਰਕਾ ਦੇ ਪੁਲਿਸ ਸੁਪਰਡੈਂਟ ਸੁਨੀਲ ਜੋਸ਼ੀ ਨੇ ਕਿਹਾ, "ਪੀਐਮਐਸਏ ਦੇ ਜਵਾਨਾਂ ਨੇ ਸ਼ਨੀਵਾਰ ਸ਼ਾਮ ਨੂੰ ਚਾਲਕ ਦਲ ਦੇ ਮੈਂਬਰਾਂ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਮਹਾਰਾਸ਼ਟਰ ਦੇ ਠਾਣੇ ਦੇ ਇੱਕ ਮਛੇਰੇ ਦੀ ਮੌਤ ਹੋ ਗਈ, ਜੋ ਮੱਛੀ ਫੜਨ ਵਾਲੀ ਕਿਸ਼ਤੀ 'ਜਲਪਰੀ' 'ਤੇ ਸਵਾਰ ਸੀ।
ਉਨ੍ਹਾਂ ਦੱਸਿਆ ਕਿ ਕਿਸ਼ਤੀ 'ਤੇ ਚਾਲਕ ਦਲ ਦੇ ਸੱਤ ਮੈਂਬਰ ਸਵਾਰ ਸਨ ਅਤੇ ਗੋਲੀਬਾਰੀ ਦੀ ਘਟਨਾ 'ਚ ਉਨ੍ਹਾਂ 'ਚੋਂ ਇਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕ ਮਛੇਰੇ ਸ਼੍ਰੀਧਰ ਰਮੇਸ਼ ਚਮਰੇ (32) ਦੀ ਲਾਸ਼ ਐਤਵਾਰ ਨੂੰ ਓਖਾ ਬੰਦਰਗਾਹ 'ਤੇ ਲਿਆਂਦੀ ਗਈ ਸੀ ਅਤੇ ਪੋਰਬੰਦਰ ਨਵੀ ਬਾਂਦਰ ਪੁਲਿਸ ਐਫਆਈਆਰ ਦਰਜ ਕਰ ਰਹੀ ਹੈ।
ਜੋਸ਼ੀ ਨੇ ਦੱਸਿਆ ਕਿ ਚਾਮਰੇ ਮੱਛੀ ਫੜਨ ਵਾਲੀ ਕਿਸ਼ਤੀ 'ਜਲਪਰੀ' 'ਤੇ ਸਵਾਰ ਸਨ, ਜੋ ਕਿ ਸੱਤ ਚਾਲਕ ਦਲ ਦੇ ਮੈਂਬਰਾਂ ਨਾਲ 25 ਅਕਤੂਬਰ ਨੂੰ ਓਖਾ ਤੋਂ ਰਵਾਨਾ ਹੋਈ ਸੀ। ਇਨ੍ਹਾਂ ਵਿੱਚੋਂ ਪੰਜ ਮੈਂਬਰ ਗੁਜਰਾਤ ਅਤੇ ਦੋ ਮਹਾਰਾਸ਼ਟਰ ਤੋਂ ਸਨ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਤੱਟ ਰੱਖਿਅਕ (ਆਈਸੀਜੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਅਧਿਕਾਰੀ ਫਿਲਹਾਲ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਚਾਲਕ ਦਲ ਦੇ ਮੈਂਬਰਾਂ ਤੋਂ ਸਾਂਝੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿੱਚ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ: ਪੀ ਐੱਮ ਮੋਦੀ ਅਤੇ ਸੀਐੱਮ ਯੋਗੀ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਲਾਂਕਿ, ਆਈਸੀਜੀ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ।
ਕਿਸ਼ਤੀ 'ਤੇ ਸਵਾਰ ਛੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਤੱਟ ਰੱਖਿਅਕ ਨੇ ਕਿਹਾ, "ਗ੍ਰਿਫਤਾਰੀਆਂ ਦੀ ਪੁਸ਼ਟੀ ਨਹੀਂ ਹੋਈ ਹੈ।"
ਜੋਸ਼ੀ ਮੁਤਾਬਕ ਇਹ ਕਿਸ਼ਤੀ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਵਿਖੇ ਰਜਿਸਟਰਡ ਸੀ।
ਇਸ ਦੌਰਾਨ ਚਾਮਰੇ ਦੀ ਮੌਤ ਦੀ ਖਬਰ ਮਿਲਦੇ ਹੀ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਉਨ੍ਹਾਂ ਦੇ ਜੱਦੀ ਪਿੰਡ ਵਡਰਾਈ 'ਚ ਸੋਗ ਦੀ ਲਹਿਰ ਫੈਲ ਗਈ। ਕਿਸ਼ਤੀ ਦੇ ਮਾਲਕ ਜਯੰਤੀਭਾਈ ਰਾਠੌੜ ਦੇ ਅਨੁਸਾਰ, ਚਾਮਰੇ ਕਿਸ਼ਤੀ ਦੇ ਕੈਬਿਨ ਵਿੱਚ ਸੀ ਜਦੋਂ ਉਸਨੂੰ ਗੋਲੀ ਮਾਰੀ ਗਈ।
ਇਸ ਸਬੰਧੀ ਜਦੋਂ ਕੁਝ ਮੀਡੀਆ ਕਰਮੀਆਂ ਨੇ ਰਾਠੌੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਜਵਾਨਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਕਿਸ਼ਤੀ ਦਾ ਕਪਤਾਨ ਵੀ ਜ਼ਖ਼ਮੀ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਚਾਮਰੇ ਦੀ ਮ੍ਰਿਤਕ ਦੇਹ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਪਿੰਡ ਪਹੁੰਚ ਸਕਦੀ ਹੈ।
(ਪੀਟੀਆਈ-ਭਾਸ਼ਾ)