ਨਵੀਂ ਦਿੱਲੀ: ਦਿੱਲੀ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਨਜ਼ਾਨੀਆ ਮੂਲ ਦਾ ਇੱਕ ਹਵਾਈ ਯਾਤਰੀ 21 ਅਪ੍ਰੈਲ ਨੂੰ ਅਮੀਰਾਤ ਦੀ ਉਡਾਣ ਰਾਹੀਂ ਦੁਬਈ ਤੋਂ ਜੋਹਾਨਸਬਰਗ ਤੋਂ ਹੈਦਰਾਬਾਦ ਪਹੁੰਚਿਆ ਸੀ। ਗੁਪਤ ਜਾਣਕਾਰੀ ਅਤੇ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਮਦਦ ਨਾਲ, ਫੜੇ ਗਏ ਹਵਾਈ ਯਾਤਰੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸਨੇ ਕੋਕੀਨ ਵਾਲੇ ਕੈਪਸੂਲ ਦਾ ਸੇਵਨ ਕੀਤਾ ਸੀ।
ਉਸ ਨੇ ਹਵਾਈ ਅੱਡੇ 'ਤੇ 22 ਕੈਪਸੂਲ ਕੱਢੇ ਅਤੇ ਤੁਰੰਤ ਡਾਕਟਰੀ ਸਹਾਇਤਾ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਯਾਤਰੀ ਨੇ ਡਾਕਟਰੀ ਨਿਗਰਾਨੀ ਹੇਠ ਪੰਜ ਦਿਨਾਂ ਦੀ ਮਿਆਦ ਵਿਚ ਹੋਰ 57 ਕੈਪਸੂਲ ਕੱਢੇ। ਇਸ ਦੌਰਾਨ ਉਸ ਤੋਂ ਕੁੱਲ 79 ਕੈਪਸੂਲ ਬਰਾਮਦ ਹੋਏ। ਪ੍ਰਤਿਬੰਧਿਤ ਸਮੱਗਰੀ ਵਾਲੇ ਕੈਪਸੂਲ ਨੂੰ ਚਿਪਕਣ ਵਾਲੀ ਪਾਰਦਰਸ਼ੀ ਟੇਪ ਦੀ ਵਰਤੋਂ ਕਰਕੇ ਕਵਰ ਕੀਤਾ ਗਿਆ ਸੀ।
ਯਾਤਰੀ ਵੱਲੋਂ ਕੱਢੇ ਗਏ ਇਹ ਕੈਪਸੂਲ ਖੋਲ੍ਹੇ ਗਏ, ਜਿਨ੍ਹਾਂ 'ਚੋਂ 1157 ਗ੍ਰਾਮ ਸਮੱਗਲ ਕੋਕੀਨ ਬਰਾਮਦ ਹੋਈ। ਅੰਤਰਰਾਸ਼ਟਰੀ ਗ੍ਰੇ ਮਾਰਕਿਟ 'ਚ ਇਸ ਦੀ ਕੀਮਤ 11.57 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਨੂੰ ਡੀਆਰਆਈ ਨੇ ਜ਼ਬਤ ਕਰਕੇ ਮੁਲਜ਼ਮ ਯਾਤਰੀ ਨੂੰ 26 ਅਪ੍ਰੈਲ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਸੀ।
ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਤਨਜ਼ਾਨੀਆ ਤੋਂ ਜੋਹਾਨਸਬਰਗ ਗਿਆ ਸੀ। ਜੋਹਾਨਸਬਰਗ ਤੋਂ ਉਸ ਨੂੰ ਪ੍ਰਿਟੋਰੀਆ ਲਿਜਾਇਆ ਗਿਆ। ਜਿੱਥੇ ਉਸ ਨੇ ਭਾਰਤ ਦੀ ਯਾਤਰਾ ਤੋਂ ਪਹਿਲਾਂ ਇਹ ਕੈਪਸੂਲ ਨਿਗਲ ਲਏ। ਉਸ ਨੇ 3-4 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਕੈਪਸੂਲਾਂ ਨੂੰ ਕੱਢ ਕੇ ਕਿਸੇ ਅਣਪਛਾਤੇ ਵਿਅਕਤੀ ਨੂੰ ਸੌਂਪਣਾ ਸੀ।
ਇਹ ਵੀ ਪੜ੍ਹੋ : ਸਪਾ ਸੈਂਟਰ ਦੇ ਨਾਮ 'ਤੇ ਦੇਹ ਵਪਾਰ ਦਾ ਧੰਦਾ ਚਲਾ ਰਹੇ ਜੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ