ਹੈਦਰਾਬਾਦ— ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਮਾਲ 'ਚ ਗੋਲੀਬਾਰੀ ਦੀ ਘਟਨਾ 'ਚ ਜਾਨ ਗੁਆਉਣ ਵਾਲਿਆਂ 'ਚ ਹੈਦਰਾਬਾਦ ਦੀ ਇਕ ਔਰਤ ਵੀ ਸ਼ਾਮਲ ਹੈ। ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਤੇਲਗੂ ਔਰਤ ਐਸ਼ਵਰਿਆ ਥਟੀਕੋਂਡਾ ਦੀ ਵੀ ਸ਼ਨੀਵਾਰ ਦੁਪਹਿਰ ਨੂੰ ਟੈਕਸਾਸ ਦੇ ਡਲਾਸ ਤੋਂ 25 ਕਿਲੋਮੀਟਰ ਉੱਤਰ 'ਚ ਐਲਨ ਪ੍ਰੀਮੀਅਰ ਸ਼ਾਪਿੰਗ ਮਾਲ 'ਚ ਹੋਈ ਇਸ ਘਟਨਾ 'ਚ ਮੌਤ ਹੋ ਗਈ। ਇਸ ਹਾਦਸੇ 'ਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਸੀ। ਐਸ਼ਵਰਿਆ ਅਮਰੀਕਾ 'ਚ ਇਕ ਕੰਪਨੀ 'ਚ ਪ੍ਰੋਜੈਕਟ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਸੀ।
ਐਸ਼ਵਰਿਆ ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਜੱਜ ਤਾਤੀਕੋਂਡਾ ਨਰਸੀ ਰੈੱਡੀ ਦੀ ਧੀ ਹੈ। ਐਸ਼ਵਰਿਆ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਹੈਦਰਾਬਾਦ ਦੇ ਕੋਟਾਪੇਟ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਹਫੜਾ-ਦਫੜੀ ਮਚ ਗਈ। ਦੂਜੇ ਪਾਸੇ ਬੇਟੀ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਸਦਮੇ 'ਚ ਹਨ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਐਸ਼ਵਰਿਆ ਦਾ ਜੱਦੀ ਸ਼ਹਿਰ ਨਲਗੋਂਡਾ ਜ਼ਿਲ੍ਹੇ ਦੇ ਹੁਜ਼ੂਰ ਨਗਰ ਹਲਕੇ ਦੇ ਨੇਰੇਦੁਚਰਲਾ ਵਿੱਚ ਹੈ। ਐਸ਼ਵਰਿਆ ਦੀ ਮੌਤ ਤੋਂ ਸਾਰੇ ਵਕੀਲ ਵੀ ਬਹੁਤ ਦੁਖੀ ਹਨ।
ਇੰਨਾ ਹੀ ਨਹੀਂ ਟੈਕਸਾਸ ਸ਼ਹਿਰ 'ਚ ਐਸ਼ਵਰਿਆ ਦੇ ਚਚੇਰੇ ਭਰਾ ਗੋਵਰਧਨ ਰੈੱਡੀ ਨਾਲ ਵੀ ਅਜਿਹੀ ਘਟਨਾ ਵਾਪਰੀ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਤੇਲਗੂ ਬੋਲਣ ਵਾਲੇ ਨੱਬੇ ਫੀਸਦੀ ਲੋਕ ਸਿਰਫ ਟੈਕਸਾਸ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਅਮਰੀਕਾ ਵਿਚ ਕੰਮ ਕਰਨ ਜਾਣ ਵਾਲਿਆਂ ਲਈ ਕੋਈ ਸਮਾਜਿਕ ਸੁਰੱਖਿਆ ਨਹੀਂ ਹੈ।
ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈਡੀ ਨੇ ਅਮਰੀਕਾ ਦੇ ਟੈਕਸਾਸ 'ਚ ਐਸ਼ਵਰਿਆ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦੇ ਹੋਏ, ਉਨ੍ਹਾਂ ਨੇ ਕੇਂਦਰ ਅਤੇ ਰਾਜ ਨੂੰ ਐਸ਼ਵਰਿਆ ਦੀ ਦੇਹ ਨੂੰ ਉਸਦੇ ਜੱਦੀ ਸ਼ਹਿਰ ਲਿਆਉਣ ਲਈ ਪਹਿਲਾ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਟੈਕਸਾਸ ਦੇ ਇਕ ਸ਼ਾਪਿੰਗ ਮਾਲ 'ਚ ਹਮਲਾਵਰ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ 9 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਹਾਲਾਂਕਿ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਸੀ।