ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਹਿੰਦੂ ਸੈਨਾ ਨੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਮੁੱਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਹੈ। ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਪੁਲਿਸ ਤੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।
ਹਿੰਦੂ ਸੈਨਾ ਨੇ ਵਾਇਰਲ ਹੋ ਰਹੀ ਵੀਡੀਓ ਦਾ ਦਿੱਤਾ ਹਵਾਲਾ : ਹਿੰਦੂ ਸੈਨਾ ਦੇ ਵਿਸ਼ਨੂੰ ਗੁਪਤਾ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਅੰਮ੍ਰਿਤਪਾਲ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀਆਂ ਦੇ ਰਿਹਾ ਹੈ। ਵੀਡੀਓ 'ਚ ਅੰਮ੍ਰਿਤਪਾਲ ਦੀ ਤਰਫੋਂ ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਕੁਝ ਵੀ ਕਰ ਸਕਦੇ ਹਨ, ਅਸੀਂ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਉਨ੍ਹਾਂ ਧਮਕੀ ਦਿੱਤੀ ਹੈ ਕਿ ਅਮਿਤ ਸ਼ਾਹ ਦੀ ਹਾਲਤ ਵੀ ਇੰਦਰਾ ਗਾਂਧੀ ਵਰਗੀ ਹੋ ਜਾਵੇਗੀ।
ਮੋਗਾ 'ਚ ਦਿੱਤਾ ਸੀ ਬਿਆਨ : ਵੀਡੀਓ ਦਾ ਹਵਾਲਾ ਦਿੰਦੇ ਹੋਏ ਵਿਸ਼ਨੂੰ ਗੁਪਤਾ ਨੇ ਦੱਸਿਆ ਕਿ ਇਹ ਭਾਸ਼ਣ ਸੋਮਵਾਰ ਨੂੰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਵਿੱਚ ਦਿੱਤਾ ਸੀ। ਇਹ ਪ੍ਰੋਗਰਾਮ ਮਰਹੂਮ ਗਾਇਕ ਦੀਪ ਸਿੱਧੂ ਦੀ ਬਰਸੀ ਮੌਕੇ ਕਰਵਾਇਆ ਗਿਆ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਲਹਿਰ ਨੂੰ ਹਵਾ ਦੇਣਾ ਚਾਹੁੰਦਾ ਹੈ। ਗੁਪਤਾ ਨੇ ਦੱਸਿਆ ਕਿ ਅੰਮ੍ਰਿਤਪਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖੇੜਾ ਦਾ ਰਹਿਣ ਵਾਲਾ ਹੈ ਅਤੇ ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਮਰਥਕ ਹੈ।
ਇਹ ਦਿੱਤਾ ਸੀ ਬਿਆਨ: ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਇਸ ਧਰਤੀ ਉੱਤੇ ਸਿਰਫ਼ ਸਾਡਾ ਹੱਕ ਹੈ, ਜੋ ਸਾਡੇ ਤੋਂ ਇੰਦਰਾ ਵੀ ਖੋਹ ਸਕੀ ਤਾਂ ਮੋਦੀ ਤੇ ਅਮਿਤ ਸ਼ਾਹ ਕੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਅੰਦਰ ਅੰਮ੍ਰਿਤ ਸੰਚਾਰ ਦੀ ਜਾਂ ਧਰਮ ਪ੍ਰਚਾਰ ਦੀ ਜ਼ਰੂਰਤ ਹੈ ਤਾਂ ਅਸੀਂ ਉਥੇ ਵੀ ਅੰਮ੍ਰਿਤ ਸੰਚਾਰ ਕਰਾਵਾਂਗੇ। ਉਨ੍ਹਾਂ ਕਿਹਾ ਕਿ ਸੱਚ ਉਤੇ ਚੱਲਦਿਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮਿਸ਼ਨ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ, ਜੋ ਸਰਕਾਰਾਂ ਨਾਲ ਲੜਾਈ ਲੜਦੇ ਸ਼ਹੀਦ ਹੋਏ, ਉਨ੍ਹਾਂ ਦੇ ਪਿੰਡ ਵਿੱਚ ਪਹਿਲਾ ਪ੍ਰੋਗਰਾਮ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟੇਬਲ ਉਤੇ ਬੈਠ ਗਲ ਕਰਨ ਨੂੰ ਤਿਆਰ ਹਾਂ।
ਕੌਣ ਹੈ ਅੰਮ੍ਰਿਤਪਾਲ ਸਿੰਘ : ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਸੰਸਥਾ ਦਾ ਮੁਖੀ ਹੈ। ਇਹ ਸੰਸਥਾ ਅਦਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਹੈ ਜਿਸ ਦੀ ਪਿਛਲੇ ਸਾਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ 26 ਜਨਵਰੀ 2021 ਨੂੰ ਲਾਲ ਕਿਲ੍ਹੇ 'ਤੇ ਹਿੰਸਾ ਕਾਂਡ ਦਾ ਮੁੱਖ ਦੋਸ਼ੀ ਸੀ। ਵਿਸ਼ਨੂੰ ਗੁਪਤਾ ਨੇ ਦਿੱਲੀ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਪੰਜਾਬ ਦੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਅੰਮ੍ਰਿਤਪਾਲ ਸਿੰਘ ਉੱਤੇ ਤੰਜ ਕੱਸਦੇ ਹੋਏ ਨਜ਼ਰ ਆਏ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਜਿਹੜੇ ਸ਼ਹਾਦਤਾਂ ਦੇਣ ਦੀ ਗੱਲ ਕਰਦੇ ਹਨ, ਉਹ ਗੱਲਾਂ ਨਾ ਕਰਨ ਦੇਣ ਜਾ ਕੇ। ਉਹ ਆਪਣੀ ਪਤਨੀ ਦੀ ਫੋਟੋ ਤਾਂ ਦਿਖਾ ਨਹੀਂ ਰਹੇ, ਸ਼ਹਾਦਤਾਂ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ: Lok Sabha by election: ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, ਕਈ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਛੱਡ ਭਾਜਪਾ 'ਚ ਹੋਏ ਸ਼ਾਮਿਲ