ਸ਼ਿਮਲਾ: ਅਗਲੇ ਤਿੰਨ ਦਿਨਾਂ ਤੱਕ ਹਿਮਾਚਲ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ। ਭਾਰੀ ਮੀਂਹ ਨੂੰ ਲੈ ਕੇ ਹਿਮਾਚਲ ਸਰਕਾਰ ਵੱਲੋਂ ਲਾਲ ਅਤੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 27 ਤੇ 28 ਜੁਲਾਈ ਨੂੰ ਪੂਰੇ ਰਾਜ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਤੂਫਾਨ ਦੇ ਵਾਧੇ ਅਤੇ ਆਸਮਾਨੀ ਬਿਜਲੀ ਡਿੱਗਣ ਦੇ ਖ਼ਤਰੇ ਨੂੰ ਲੈਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਖ਼ਾਸਕਰ ਕਾਂਗੜਾ, ਮੰਡੀ, ਸਿਰਮੌਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਸੈਲਾਨੀਆਂ ਨੂੰ ਨਦੀਆਂ ਦੇ ਕੰਢੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਰਾਜ ਵਿੱਚ ਬਰਸਾਤ ਦਾ ਮੌਸਮ 1 ਅਗਸਤ ਤੱਕ ਜਾਰੀ ਰਹੇਗਾ।
ਸੋਮਵਾਰ ਨੂੰ ਸ਼ਿਮਲਾ ਸਣੇ ਬਹੁਤੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਰਾਜੇਂਦਰ ਪਾਲ ਨੇ ਦੱਸਿਆ, ਕਿ ਰਾਜ ਵਿੱਚ ਅਗਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਦੇ ਲਈ ਸੰਤਰੀ ਅਤੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਜ਼ਮੀਨ ਖਿਸਕਣ ਅਤੇ ਨਦੀਆਂ ਦੇ ਪਾਣੀ ਦਾ ਪੱਧਰ ਵੱਧਣ ਦੀ ਵੀ ਅਸ਼ੰਕਾ ਜਤਾਈ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਮੌਨਸੂਨ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਹਨ। ਸਿਰਫ ਲਾਹੌਲ ਸਪਿਤੀ ਅਤੇ ਚੰਬਾ ਵਿੱਚ ਮੀਂਹ ਘੱਟ ਪਿਆ ਹੈ। ਜਦੋਂ ਕਿ ਦੂਜੇ ਖੇਤਰਾਂ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਮਹਾਰਾਸ਼ਟਰ 'ਚ ਬਾਰਿਸ਼ ਨਾਲ ਤਬਾਹੀ, 164 ਦੀ ਮੌਤ, 100 ਲਾਪਤਾ