ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਬੇਅਦਬੀ ਮਾਮਲੇ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਮਾਮਲੇ ’ਤੇ ਸੁਣਵਾਈ ਹੋਈ। ਹੁਣ ਇਸ ਮਾਮਲੇ ’ਚ 21 ਅਪ੍ਰੈਲ 2022 ਚ ਸੁਣਵਾਈ ਹੋਵੇਗੀ।
ਸੁਣਵਾਈ ਦੌਰਾਨ ਏਜੀ ਪਟਵਾਲੀਆ ਨੇ ਕਿਹਾ ਕਿ ਉਹ 3500 ਪੁਲਿਸਕਰਮੀ ਲਗਾ ਦੇਣਗੇ ਅਤੇ ਉਹ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀ ਲਿਆਉਣਗੇ। ਇਸ ’ਤੇ ਕੋਰਟ ਨੇ ਕਿਹਾ ਕਿ ਰਾਮ ਰਹੀਮ ਵੀਆਪੀ ਹੈ ਜਾਂ ਪ੍ਰਧਾਨ ਮੰਤਰੀ। ਇਸ ਦੌਰਾਨ ਹਾਈਕੋਰਟ ਨੇ ਬੀਤੇ ਦਿਨ ਹੋਈ ਘਟਨਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚ ਹੋਈ ਕੁਤਾਹੀ ਦਾ ਵੀ ਜ਼ਿਕਰ ਕੀਤਾ। ਨਾਲ ਹੀ ਪੰਜਾਬ ਸਰਕਾਰ ਨੂੰ ਕਿਹਾ ਕਿ ਬੀਤੇ ਦਿਨ ਕੀ ਹੋਇਆ ਇਹ ਸਭ ਜਾਣਦੇ ਹੀ ਹਨ।
ਜਦਕਿ ਰਾਮ ਰਹੀਮ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਸੁਣਵਾਈ ਦੇ ਲਈ 15 ਦਿਨ ਦਾ ਸਮਾਂ ਲਿਆ ਗਿਆ ਸੀ ਅਤੇ ਜੇਕਰ ਮਾਮਲੇ ਨੂੰ ਮਲਤਵੀ ਕਰਨਾ ਹੈ ਤਾਂ ਫਿਰ ਇਸ ਮਾਮਲੇ ਦੀ ਸੁਣਵਾਈ ਨੂੰ ਚੋਣਾਂ ਤੋਂ ਬਾਅਦ ਯਾਨੀ 2 ਮਹੀਨੇ ਬਾਅਦ ਕੀਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ ਅਪ੍ਰੈਲ 2022 ਨੂੰ ਹੋਣਾ ਤੈਅ ਕੀਤਾ ਹੈ। ਦੱਸ ਦਈਏ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਹ ਪੁੱਛਗਿੱਛ ਕਰਨਾ ਚਾਹੁੰਦੇ ਹਨ ਤਾਂ ਉਹ ਸੁਨਾਰੀਆ ਜੇਲ੍ਹ ਜਾ ਕੇ ਰਾਮ ਰਹੀਮ ਤੋਂ ਪੁੱਛਗਿੱਛ ਕਰ ਸਕਦੇ ਹਨ।
ਕੀ ਹੈ ਬੇਅਦਬੀ ਦਾ ਮਾਮਲਾ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਅਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ ਵਿੱਚ ਡੇਰਾ ਸੱਚਾ ਸੌਦਾ ਦੇ ਛੇ ਪੈਰੋਕਾਰਾਂ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਫਰੀਦਕੋਟ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ।
ਇਹ ਵੀ ਪੜੋ: ਮੋਦੀ ਦੀ ਸੁਰੱਖਿਆ ਮਾਮਲੇ ’ਚ ਭਲਕੇ ਸੁਪਰੀਮ ਸੁਣਵਾਈ