ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਜਾਰੀ ਡੀਡੀਸੀ ਚੋਣਾਂ 'ਚ ਵੋਟਰਾਂ ਦੇ ਜੋਸ਼ ਨੂੰ ਲੈ ਕੇ ਅੱਤਵਾਦੀ ਬੁਰੀ ਤਰ੍ਹਾਂ ਨਿਰਾਸ਼ ਹਨ। ਅੱਤਵਾਦੀਆਂ ਨੇ ਬੀਤੇ ਦਿਨੀਂ ਸ਼੍ਰੀਨਗਰ ਦੇ ਨੂਰ ਬਾਗ਼ ਇਲਾਕੇ 'ਚ ਸੀਆਰਪੀਐਫ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਗ੍ਰੇਨੇਡ ਦਾਗਿਆ। ਇਸ ਹਮਲੇ 'ਚ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਤੋਂ ਬਾਅਦ ਅੱਤਵਾਦੀਆਂ ਨੇ ਪੁਲਵਾਮਾ ਦੇ ਵਾਸੂਰਾ ਇਲਾਕੇ 'ਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਵੇਰੇ ਸਾਢੇ ਛੇ ਵਜੇ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਨੂਰ ਬਾਗ਼ 'ਚ ਸੀਆਰਪੀਐੱਫ ਦੀ 161 ਬਟਾਲੀਅਨ ਦੇ ਕੈਂਪ ਦੇ ਬਾਹਰ ਤਾਇਨਾਤ ਜਵਾਨਾਂ 'ਤੇ ਗ੍ਰੇਨੇਡ ਸੁੱਟਿਆ, ਜੋ ਉਨ੍ਹਾਂ ਤੋਂ ਕੁਝ ਦੂਰੀ 'ਤੇ ਫਟਿਆ। ਇਸ ਹਮਲੇ 'ਚ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ 'ਚ ਮੁਹਿੰਮ ਵੀ ਚਲਾਈ। ਕਸ਼ਮੀਰ 'ਚ ਅੱਤਵਾਦੀਆਂ ਨੇ ਤਿੰਨ ਦਿਨਾਂ 'ਚ ਸੁਰੱਖਿਆ ਬਲਾਂ 'ਤੇ ਇਹ ਤੀਜਾ ਹਮਲਾ ਕੀਤਾ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਪਟਨਾ ਦੇ ਸਿੰਘਪੋਰਾ 'ਚ ਗ੍ਰੇਨੇਡ ਹਮਲਾ ਕੀਤਾ ਸੀ, ਜਿਸ 'ਚ 6 ਲੋਕ ਜ਼ਖ਼ਮੀ ਹੋ ਗਏ ਸਨ। ਵੀਰਵਾਰ ਦੁਪਹਿਰ ਨੂੰ ਵੀ ਸੀਆਰਪੀਐੱਫ ਦੀ 18 ਬਟਾਲੀਅਨ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ ਗਿਆ ਸੀ। ਇਸ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ।
ਇਸ ਵਿਚਾਲੇ, ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਸ਼ਮੀਰ 'ਚ ਸ਼ਾਂਤੀਪੂਰਨ ਢੰਗ ਨਾਲ ਹੋ ਰਹੀਆਂ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ ਦੀਆਂ ਚੋਣਾਂ ਤੇ ਉਨ੍ਹਾਂ 'ਚ ਹਰ ਪੜਾਅ 'ਚ ਵਧਦੀ ਲੋਕਾਂ ਦੀ ਭਾਈਵਾਲੀ ਤੋਂ ਅੱਤਵਾਦੀ ਸੰਗਠਨ ਹੁਣ ਨਿਰਾਸ਼ ਹੋ ਗਏ ਹਨ। ਲੋਕਾਂ 'ਚ ਘੱਟ ਹੁੰਦੇ ਆਪਣੇ ਖੌਫ਼ ਨੂੰ ਬਰਕਰਾਰ ਰੱਖਣ ਲਈ ਉਹ ਇਸ ਤਰ੍ਹਾਂ ਦੇ ਹਮਲੇ ਕਰ ਰਹੇ ਹਨ।