ਜਾਜਪੁਰ: ਓਡੀਸ਼ਾ ਵਿੱਚ ਰੇਲ ਹਾਦਸਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਥੇ ਹੀ ਬੁੱਧਵਾਰ ਨੂੰ ਇੱਕ ਹੋਰ ਰੇਲਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਜਾਜਪੁਰ ਰੋਡ ਰੇਲਵੇ ਸਟੇਸ਼ਨ 'ਤੇ ਵਾਪਰਿਆ, ਜਿੱਥੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ।
ਇਸ ਰੇਲ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਦਕਿ ਇਸ ਹਾਦਸੇ 'ਚ ਤਿੰਨ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਪੀੜਤਾਂ ਨੇ ਅੱਜ ਸ਼ਾਮ ਜਾਜਪੁਰ ਰੋਡ ਸਟੇਸ਼ਨ 'ਤੇ ਖੜ੍ਹੀ ਇਕ ਮਾਲ ਗੱਡੀ ਹੇਠਾਂ ਸਰਨ ਲਈ ਸੀ। ਇਹ ਮਾਲ ਗੱਡੀ ਬਿਨਾਂ ਇੰਜਣ ਦੇ ਜਾਜਪੁਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ। ਪਰ ਨੌਰਵੈਸਟਰ ਦੇ ਪ੍ਰਭਾਵ ਕਾਰਨ ਤੂਫਾਨ ਆ ਗਿਆ, ਜਿਸ ਕਾਰਨ ਮਜ਼ਦੂਰ ਇਸ ਤੋਂ ਬਚਣ ਲਈ ਮਾਲ ਗੱਡੀ ਦੇ ਹੇਠਾਂ ਬੈਠ ਗਏ। ਫਿਰ ਤੇਜ਼ ਹਨੇਰੀ ਕਾਰਨ ਇਕ ਬੋਗੀ ਅੱਗੇ ਵਧੀ ਅਤੇ ਉਸ ਦੇ ਹੇਠਾਂ ਬੈਠੇ ਮਜ਼ਦੂਰ ਫਸ ਗਏ। ਇਸ ਤਰ੍ਹਾਂ ਪਹਿਲਾਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਫਿਰ ਮੌਤਾਂ ਦੀ ਗਿਣਤੀ 6 ਹੋ ਗਈ।
ਦੱਸ ਦੇਈਏ ਕਿ 2 ਜੂਨ ਤੋਂ ਹੁਣ ਤੱਕ ਤਿੰਨ ਰੇਲ ਹਾਦਸੇ ਹੋ ਚੁੱਕੇ ਹਨ। ਜਿਸ ਵਿੱਚੋਂ ਪਹਿਲਾ ਰੇਲ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਮਰਨ ਵਾਲਿਆਂ ਦੀ ਗਿਣਤੀ 288 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ 1000 ਤੋਂ ਵੱਧ ਦੱਸੀ ਜਾ ਰਹੀ ਹੈ। ਉਸ ਹਾਦਸੇ ਨੂੰ ਹਾਲੇ ਲੋਕ ਭੁਲੇ ਨਹੀਂ ਸਨ ਕਿ 5 ਜੂਨ ਨੂੰ ਬਰਗੜ੍ਹ ਦੇ ਮੇਂਧਾਪਲੀ ਵਿਖੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਭਟਲੀ ਬਲਾਕ ਦੇ ਸਾਂਬਰਧਾਰਾ ਨੇੜੇ ਚੂਨੇ ਨਾਲ ਲੱਦੀ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਦੂਜੇ ਪਾਸੇ 6 ਜੂਨ ਨੂੰ ਗੰਜਮ ਜ਼ਿਲੇ ਦੇ ਬ੍ਰਹਮਪੁਰ ਰੇਲਵੇ ਸਟੇਸ਼ਨ 'ਤੇ ਪਹੁੰਚੀ ਸਿਕੰਦਰਾਬਾਦ-ਅਗਰਤਲਾ ਐਕਸਪ੍ਰੈੱਸ ਟਰੇਨ 'ਚ ਧੂੰਆਂ ਉੱਠਦਾ ਦੇਖਿਆ ਗਿਆ। ਟਰੇਨ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 2 ਜੂਨ ਨੂੰ ਬਾਲਾਸੋਰ 'ਚ ਹੋਏ ਰੇਲ ਹਾਦਸੇ ਤੋਂ ਲੋਕ ਇੰਨੇ ਡਰੇ ਹੋਏ ਸਨ ਕਿ ਏਸੀ ਕੋਚ 'ਚੋਂ ਧੂੰਆਂ ਉੱਠਦਾ ਦੇਖ ਸਾਰੇ ਯਾਤਰੀ ਡੱਬੇ 'ਚੋਂ ਬਾਹਰ ਆ ਗਏ। ਹਾਲਾਂਕਿ, ਬਾਅਦ ਵਿੱਚ ਕੋਚ ਦੀ ਮੁਰੰਮਤ ਕਰਕੇ ਕੋਚ ਨੂੰ ਬਦਲ ਦਿੱਤਾ ਗਿਆ ਅਤੇ ਰੇਲਗੱਡੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ।