ਨਵੀਂ ਦਿੱਲੀ:ਸਾਬਕਾ ਰਾਜਸਭਾ ਮੈਂਬਰ ਅਤੇ ਸੀਨੀਅਰ ਪੱਤਰਾਕਰ ਚੰਦਨ ਮਿੱਤਰਾ ਦਾ ਬੁੱਧਵਾਰ ਰਾਤ ਦਿੱਲੀ ਵਿੱਖੇ ਦੇਹਾਂਤ ਹੋ ਗਿਆ। ਉਹ 65 ਵਰ੍ਹਿਆਂ ਦੇ ਸਨ ਤੇ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੇ ਬੇਟੇ ਕੁਸ਼ਨ ਮਿੱਤਰਾ ਨੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੁਸ਼ਨ ਮਿੱਤਰਾ ਨੇ ਟਵੀਟ ਕੀਤਾ, ‘ਡੈਡੀ ਬੀਤੀ ਰਾਤ ਚਲ ਵਸੇ। ਉਹ ਪਹਿਲਾਂ ਤੋਂ ਬਿਮਾਰ ਚੱਲ ਰਹੇ ਸੀ।‘
2003 ਤੋਂ 2009 ਤੱਕ ਰਹੇ ਰਾਜਸਭਾ ਮੈਂਬਰ
ਮਿੱਤਰਾ ਨੂੰ ਅਗਸਤ 2003 ਵਿੱਚ ਰਾਜਸਭਾ ਵਿੱਚ ਨਾਮਜਦ ਕੀਤਾ ਗਿਆ ਸੀ ਤੇ ਉਹ 2009 ਤੱਕ ਰਾਜਸਭਾ ਮੈਂਬਰ ਰਹੇ। ਉਨ੍ਹਾਂ 18 ਜੁਲਾਈ 2018 ਨੂੰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਕੇ ਆਲ ਇੰਡੀਆ ਤ੍ਰਿਣਮੂਲ ਕਾਂਗਸ ਜੁਆਇਨ ਕਰ ਲਈ ਸੀ। ਭਾਜਪਾ ਆਗੂ ਸਵਪਨ ਦਾਸ ਗੁਪਤਾ ਨੇ ਆਪਣੇ ਨੇੜਲੇ ਮਿੱਤਰ ਦੇ ਦੇਹਾਂਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਸਵਪਨ ਦਾਸਗੁਪਤਾ ਨੇ ਦੁਖ ਪ੍ਰਗਟਾਇਆ
ਉਨ੍ਹਾਂ ਕਿਹਾ, ‘ਮੈਂ ਆਪਣਾ ਸਭ ਤੋਂ ਨੇੜਲਾ ਦੋਸਤ ਪਾਇਨੀਰ ਦਾ ਸੰਪਾਦਕ ਤੇ ਸਾਬਕਾ ਸੰਸਦ ਮੈਂਬਰ ਚੰਦਨ ਮਿੱਤਰਾ ਅੱਜ ਸਵੇਰੇ ਗੁਆ ਦਿੱਤਾ ਹੈ। ਅਸੀਂ ਲਾ ਮਾਰਟਰੀਨ ਵਿੱਚ ਇਕੱਠੇ ਵਿਦਿਆਰਥੀ ਰਹੇ ਤੇ ਸੇਂਟ ਸਟੀਫਨਸ ਤੇ ਔਕਸਫੋਰਡ ‘ਚ ਇਕੱਠੇ ਗਏ। ਅਸੀਂ ਇਕੱਠੇ ਪੱਤਰਕਾਰੀ ਵਿੱਚ ਆਏ ਤੇ ਅਯੋਧਿਆ ਤੇ ਭਗਵਾਂ ਮੁਹਿੰਮ ਦਾ ਉਤਸਾਹ ਵੀ ਸਾਂਝਾ ਕੀਤਾ। ਦਾਸਗੁਪਤਾ ਨੇ ਟਵੀਟ ਕੀਤਾ,‘ਮੈਂ ਆਪਣੀ ਤੇ ਚੰਦਨ ਮਿੱਤਰਾ ਦੀਆਂ ਸਾਲ 1972 ਦੇ ਸਕੂਲ ਟਰਿੱਪ ਦੀਆਂ ਫੋਟੋਆਂ ਸਾਂਝੀਆਂ ਕਰ ਰਿਹਾ ਹਾਂ। ਮੇਰੇ ਪਿਆਰੇ ਤੁਸੀਂ ਜਿੱਥੇ ਹੋਵੋ ਖੁਸ਼ ਰਹੋ। ਓਮ ਸ਼ਾਂਤੀ।‘