ਨਵੀਂ ਦਿੱਲੀ : ਹਰਿਆਣਾ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਧਰਨਾ 26 ਵੇਂ ਦਿਨ 'ਚ ਦਾਖਲ ਹੋ ਚੁੱਕਾ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਇੱਕ ਪਾਸੇ ਧਰਨੇ ਕਾਰਨ ਰੋਡ ਜਾਮ ਹੋਣ ਕਰਕੇ ਰਾਹਗੀਰਾਂ ਨੂੰ ਦਿੱਕਤ ਪੇਸ਼ ਆ ਰਹੀ ਹੈ, ਉਥੇ ਹੀ ਕਿਸਾਨ ਅੰਦੋਲਨ ਨੇ ਕੁੱਝ ਲੋਕਾਂ ਦੀ ਜ਼ਿੰਦਗੀ ਰੌਸ਼ਨ ਕੀਤੀ ਹੈ। ਇਹ ਲੋਕ ਕਿਸਾਨਾਂ ਦੇ ਧਰਨੇ ਤੋਂ ਨਾਰਾਜ਼ ਨਹੀਂ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਬਾਨੋ ਨੇ ਦੱਸਿਆ ਕਿ ਉਹ ਬਾਰਡਰ ਦੇ ਨੇੜਲੇ ਇਲਾਕਿਆਂ 'ਚ ਕੂੜਾ ਚੁੱਕਣ ਦਾ ਕੰਮ ਕਰਦੀ ਹੈ। ਧਰਨਾ ਸ਼ੁਰੂ ਹੋਣ ਤੋਂ ਬਾਅਦ ਉਹ ਖਾਲ੍ਹੀ ਬੋਤਲਾਂ, ਕਾਗਜ਼ ਦੀਆਂ ਪਲੇਟਾਂ ਆਦਿ ਚੁੱਕਣ ਦਾ ਕੰਮ ਕਰਦੀ ਹੈ। ਬਾਨੋ ਨੇ ਆਖਿਆ ਕਿ ਉਸ ਨੂੰ ਧਰਨਾ ਪ੍ਰਦਰਸ਼ਨ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ , ਸਗੋਂ ਇਥੋ ਇੱਕਠੀਆਂ ਕੀਤੀਆਂ ਪਾਣੀ ਦੀਆਂ ਖਾਲ੍ਹੀ ਬੋਤਲਾਂ ਤੇ ਹੋਰਨਾਂ ਕੁੱਝ ਸਮਾਨ ਵੇਚ ਕੇ ਉਹ ਰੋਜ਼ਾਨਾਂ 200 ਤੋਂ 300 ਰੁਪਏ ਤੱਕ ਕਮਾ ਲੈਂਦੀ ਹੈ। ਦਿਨ-ਭਰ 'ਚ ਉਹ ਤਿੰਨ ਤੋਂ ਚਾਰ ਚੱਕਰ ਲਗਾ ਕੇ ਕੂੜਾ ਇੱਕਠਾ ਕਰਦੀ ਹੈ। ਉਸ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਉਸ ਮੁਫ਼ਤ 'ਚ ਖਾਣਾ ਤੇ ਪਾਣੀ ਵੀ ਦਿੱਤਾ ਜਾਂਦਾ ਹੈ। ਬਾਨੋ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਉਸ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਹੈ, ਤੇ ਹੁਣ ਉਹ ਚੰਗੀ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਮੁੜ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ ਅਤੇ ਵਿਗਿਆਨ ਭਵਨ ਵਿਖੇ ਬੈਠਕ ਲਈ ਤਾਰੀਕ ਨਿਸ਼ਚਿਤ ਕਰਨ ਨੂੰ ਕਿਹਾ ਗਿਆ ਹੈ।ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ ਜਦੋਂ ਕਿ ਸਰਕਾਰ ਇਸ ਵਿੱਚ ਸੋਧ ਲਈ ਤਿਆਰ ਹੈ।