ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਦੇਸ਼ ਦੇ ਨਾਂ ਸੰਬੋਧਨ ਵਿੱਚ ਇਹ ਮੰਨਿਆ ਉਨ੍ਹਾਂ ਦੀ ਤਪੱਸਿਆ 'ਚ ਕੋਈ ਨਾ ਕੋਈ ਕਮੀ ਜ਼ਰੂਰ ਆਈ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ਵਾਸੀਆਂ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਭਰਾਵਾਂ ਨੂੰ ਮਨਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਹ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਦੇਸ਼ ਨੂੰ ਸੂਚਿਤ ਕਰਨ ਆਏ ਹਨ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਕਿਸਾਨਾਂ ਦੀ ਇਹ ਜਿੱਤ ਸਮੁੱਚੇ ਵਿਸ਼ਵ ਵਿੱਚ ਵੱਡੀ ਜਿੱਤ ਹੈ। ਖੇਤੀ ਕਾਨੂੰਨਾਂ ਤਹਿਤ ਕਾਂਟ੍ਰੈਕਟ ਫਾਰਮਿੰਗ ਦੀ ਤਜਵੀਜ਼ ਸੀ, ਜਿਸ ਤਹਿਤ ਕੋਈ ਵੀ ਕਿਸਾਨਾਂ ਨਾਲ ਕਰਾਰ ਕਰਕੇ ਆਪਣੀ ਮਰਜੀ ਦੀ ਫਸਲ ਉਗਾ ਸਕਦਾ ਸੀ ਤੇ ਇਹ ਕਰਾਰ ਲੰਮੇ ਸਮੇਂ ਲਈ ਹੋਣਾ ਸੀ। ਇਸ ਕਰਾਰ ਤਹਿਤ ਇਹ ਵੀ ਤੈਅ ਸੀ ਕਿ ਜਮੀਨ ਦਾ ਕਾਂਟਰੈਕਟ ਕਰਨ ਵਾਲੀ ਕੰਪਨੀ ਆਪਣੀ ਮਰਜੀ ਨਾਲ ਫਸਲ ਦੀ ਗੁਣਵੱਤਾ ਤੇ ਕੀਮਤ ਤੈਅ ਕਰਦੀ, ਜਿਸ ਨਾਲ ਕਿਸਾਨਾਂ ਨੂੰ ਐਮਐਸਪੀ ਦਾ ਡਰ ਤਾਂ ਹੋ ਹੀ ਗਿਆ ਸੀ, ਸਗੋਂ ਇਹ ਡਰ ਉਨ੍ਹਾੰ ਦੇ ਮਨ ਵਿੱਚ ਪੈਦਾ ਹੋ ਗਿਆ ਸੀ ਕਿ ਕੰਪਨੀਆਂ ਜਮੀਨਾਂ ਦੱਬ ਲੈਣਗੀਆਂ, ਕਿਉਂਕਿ ਖੇਤੀ ਕਾਂਟਰੈਕਟ ਦੇ ਕੇਸ ਅਦਾਲਤਾਂ ਵਿੱਚ ਨਹੀਂ, ਸਗੋਂ ਅਫਸਰਸ਼ਾਹੀ ਕੋਲ ਚੱਲਣੇ ਸੀ।
ਕਿਸਾਨਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਮੁੱਖ ਕਿੱਤੇ ਖੇਤੀ ਅਤੇ ਜਮੀਨਾਂ ਨੂੰ ਸਰਕਾਰ ਆਪਣੇ ਕਾਰਪੋਰੇਟ ਦੋਸਤਾਂ ਅੰਬਾਨੀ ਤੇ ਅਡਾਨੀ ਅਧੀਨ ਲੈ ਗਈ ਹੈ ਤੇ ਇਸੇ ਕਾਰਨ 26 ਨਵੰਬਰ 2020 ਤੋਂ ਦਿੱਲੀ ਦੇ ਸਿੰਘੂ ਬਾਰਡਰ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਅੰਦੋਲਨ ਪੰਜਾਬ ਤੱਕ ਹੀ ਸੀਮਤ ਸੀ ਪਰ ਬਾਅਦ ਵਿੱਚ ਇਸ ਨੂੰ ਦਿੱਲੀ ਤੱਕ ਪਹੁੰਚਾਇਆ ਗਿਆ। ਹਾਲਾਂਕਿ ਦਿੱਲੀ ਜਾਣ ਲਈ ਵੀ ਗੁਆਂਢੀ ਸੂਬੇ ਵਿੱਚ ਸੱਤਾ ’ਤੇ ਕਾਬਜ ਭਾਜਪਾ ਦੀ ਸਰਕਾਰ ਨੇ ਸੜ੍ਹਕ ਵਿੱਚ ਟੋਏ ਪਾ ਕੇ ਕਿਸਾਨਾਂ ਦੇ ਰਾਹ ਵਿੱਚ ਰੋੜੇ ਅਟਕਾਏ ਪਰ ਹੌਸਲਾ ਬੁਲੰਦ ਕਿਸਾਨ ਅੜਿੱਕੇ ਪਾਰ ਕਰਕੇ ਦਿੱਲੀ ਤੱਕ ਪੁੱਜ ਗਏ ਤੇ ਹੌਲੀ-ਹੌਲੀ ਇਹ ਅੰਦੋਲਨ ਯੂਪੀ, ਰਾਜਸਥਾਨ, ਹਰਿਆਣਾ ਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਫੈਲ ਗਿਆ।