ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਵਿੱਚ ED ਨੇ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਰਾਜੇਸ਼ ਜੋਸ਼ੀ ਚੇਰਿਅਟ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਮਾਲਕ ਹਨ ਅਤੇ ਉਨ੍ਹਾਂ 'ਤੇ ਗੋਆ ਚੋਣਾਂ ਦੌਰਾਨ ਪੈਸੇ ਲੈਣ ਦਾ ਦੋਸ਼ ਹੈ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਆਬਕਾਰੀ ਨੀਤੀ ਘੁਟਾਲੇ ਤੋਂ ਇਕੱਠੀ ਕੀਤੀ ਗਈ ਰਕਮ ਦੀ ਵਰਤੋਂ ਵੱਖ-ਵੱਖ ਚੋਣਾਂ 'ਚ ਕੀਤੀ ਗਈ। ਈਡੀ ਅਤੇ ਸੀਬੀਆਈ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਅੱਠ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਦੂਜੇ ਪਾਸੇ ਰਾਜੇਸ਼ ਜੋਸ਼ੀ ਨੂੰ ਵੀਰਵਾਰ ਨੂੰ ਰੌਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਪੀਆਰ ਕੰਪਨੀ ਚਲਾਉਣ ਵਾਲੇ ਵਿਜੇ ਨਾਇਰ, ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ, ਚਾਰਟਰਡ ਅਕਾਊਂਟੈਂਟ ਬੁਚੀ ਬਾਬੂ, ਕਾਰੋਬਾਰੀ ਗੌਤਮ ਮਲਹੋਤਰਾ, ਅਭਿਸ਼ੇਕ ਬੋਇਨਾਪੱਲੀ, ਵਿਨੇ ਬਾਬੂ, ਸ਼ਰਥ ਰੈੱਡੀ ਅਤੇ ਅਮਿਤ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿੱਚ ਅੱਠਵੀਂ ਗ੍ਰਿਫਤਾਰੀ ਕੀਤੀ। ਰਾਜੇਸ਼ ਜੋਸ਼ੀ, ਜੋ ਚੇਰਿਅਟ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਮਾਲਕ ਹਨ, ਨੂੰ ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਦੋਸ਼ੀ , ਚਾਰਜਸ਼ੀਟ ਕੀਤੇ ਗਏ ਦਿਨੇਸ਼ ਅਰੋੜਾ ਦੇ ਕਰੀਬੀ ਹੈ। ਸੂਤਰਾਂ ਮੁਤਾਬਕ ਜੋਸ਼ੀ ਨੂੰ ਅਰੋੜਾ ਤੋਂ ਗੋਆ ਚੋਣਾਂ ਲਈ ਪੈਸੇ ਮਿਲੇ ਅਤੇ ਇਹ ਪੈਸਾ ਆਬਕਾਰੀ ਨੀਤੀ ਘੁਟਾਲੇ ਤੋਂ ਆਇਆ ਸੀ।
ਸੂਤਰਾਂ ਮੁਤਾਬਕ ਜੋਸ਼ੀ ਨੂੰ ਰੌਜ਼ ਐਵੇਨਿਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਈਡੀ ਦੇ ਇੱਕ ਸੂਤਰ ਨੇ ਕਿਹਾ ਕਿ ਉਹ ਦੋ ਹਫ਼ਤਿਆਂ ਲਈ ਉਸਦੀ ਹਿਰਾਸਤ ਦੀ ਮੰਗ ਕਰਨਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਈਡੀ ਨੇ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੂੰ 15 ਫਰਵਰੀ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਈਡੀ ਜੋਸ਼ੀ ਅਤੇ ਮਲਹੋਤਰਾ ਦਾ ਆਹਮਣਾ-ਸਾਹਮਣਾ ਕਰਵਾਉਣਾ ਚਾਹੁੰਦੀ ਹੈ।
ਇਹ ਸਾਰੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ, ਫਿਰ ਦੋਸ਼ੀਆਂ ਦੀਆਂ ਤਾਰਾਂ ਦੱਖਣੀ ਭਾਰਤ ਦੇ ਤੇਲੰਗਾਨਾ ਰਾਜ ਨਾਲ ਵੀ ਜੁੜੀਆਂ ਹੋਈਆਂ ਹਨ। ਚਾਰਜਸ਼ੀਟ ਵਿੱਚ ਤੇਲੰਗਾਨਾ ਰਾਜ ਦੇ ਮੁੱਖ ਮੰਤਰੀ ਕੇਸੀਆਰ ਦੀ ਧੀ ਕਵਿਤਾ ਦਾ ਨਾਮ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸੀਬੀਆਈ ਅਤੇ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਵੀ ਆਪਣੀ-ਆਪਣੀ ਐਫਆਈਆਰ ਵਿੱਚ ਸ਼ਾਮਲ ਕੀਤਾ ਹੈ, ਪਰ ਹੁਣ ਤੱਕ ਉਨ੍ਹਾਂ ਦਾ ਨਾਮ ਕਿਸੇ ਵੀ ਚਾਰਜਸ਼ੀਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਈਡੀ ਨੇ ਇਸ ਮਾਮਲੇ ਵਿੱਚ ਅਦਾਲਤ ਦੇ ਸਾਹਮਣੇ ਸਪੱਸ਼ਟ ਕੀਤਾ ਸੀ ਕਿ ਜਾਂਚ ਅਜੇ ਜਾਰੀ ਹੈ। ਮਨੀਸ਼ ਸਿਸੋਦੀਆ ਵੀ ਜਾਂਚ ਦੇ ਘੇਰੇ ਵਿੱਚ ਹਨ।
ਅਗਸਤ 2022 ਵਿੱਚ LG ਦੀ ਸ਼ਿਕਾਇਤ 'ਤੇ ਸੀਬੀਆਈ ਨੇ ਨਵੀਂ ਆਬਕਾਰੀ ਨੀਤੀ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 14 ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਵਿਜੇ ਨਾਇਰ ਸਮੇਤ ਅਭਿਸ਼ੇਕ ਬੋਇਨਪੱਲੀ, ਸਮੀਰ ਮਹਿੰਦਰੂ, ਮੁਥਾ ਗੌਤਮ, ਅਰੁਣ ਰਾਮਚੰਦਰ ਪਿੱਲਈ, ਕੁਲਦੀਪ ਸਿੰਘ ਅਤੇ ਨਰਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਵਿਜੇ ਅਤੇ ਅਭਿਸ਼ੇਕ ਨੂੰ ਚਾਰਜਸ਼ੀਟ ਦਾਇਰ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਦੋਵਾਂ 'ਤੇ ਸੀਬੀਆਈ ਨੇ ਅਪਰਾਧਿਕ ਸਾਜ਼ਿਸ਼ ਰਚਣ ਅਤੇ ਨਵੀਂ ਆਬਕਾਰੀ ਨੀਤੀ ਦਾ ਨਾਜਾਇਜ਼ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਸੀ। ਬਾਕੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਹੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ:-Qaumi Insaaf Morcha: ਪੁਲਿਸ ਨਾਲ ਹੋਈ ਝੜਪ ਮਗਰੋਂ ਮੁੜ ਰਾਜਧਾਨੀ ਵੱਲ ਕੂਚ ਕਰੇਗਾ ਇਨਸਾਫ਼ ਮੋਰਚਾ !