ਰੋਹਤਕ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਰਾਜਸਥਾਨ ਸਥਿਤ ਆਸ਼ਰਮ ਵਿੱਚ ਲੈ ਕੇ ਜਾਇਆ ਜਾ ਸਕਦਾ ਹੈ। ਦੱਸ ਦਈਏ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਰਾਮ ਰਹੀਮ ਸਾਲ 2021 ਵਿੱਚ 3 ਵਾਰ ਅਤੇ ਸਾਲ 2022 ਵਿੱਚ 2 ਵਾਰ ਜੇਲ੍ਹ ਤੋਂ ਬਾਹਰ ਰਿਹਾ ਹੈ। ਫਰਵਰੀ 2022 ਵਿੱਚ ਰਾਮ ਰਹੀਮ ਨੇ 21 ਦਿਨਾਂ ਦੀ ਛੁੱਟੀ ਲਈ ਸੀ। ਇਸ ਤੋਂ ਬਾਅਦ ਜੂਨ 2022 'ਚ ਰਾਮ ਰਹੀਮ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਨਿਯਮਾਂ ਮੁਤਾਬਕ ਰਾਮ ਰਹੀਮ ਨੂੰ ਸਾਲ 'ਚ ਕਰੀਬ 90 ਦਿਨ ਦੀ ਛੁੱਟੀ ਮਿਲ ਸਕਦੀ ਹੈ। ਇਸ ਵਿੱਚ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ 10 ਸਾਲ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਾਮ ਰਹੀਮ ਨੂੰ 25 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਰਾਮ ਰਹੀਮ ਨੂੰ ਰੋਹਤਕ ਜੇਲ ਦੇ ਅਹਾਤੇ ਵਿਚ ਇਕ ਵੱਖਰੀ ਬੈਰਕ ਵਿਚ ਰੱਖਿਆ ਗਿਆ ਹੈ। ਸਮੇਂ-ਸਮੇਂ 'ਤੇ ਪਰਿਵਾਰਕ ਮੈਂਬਰ ਅਤੇ ਵਕੀਲ ਰਾਮ ਰਹੀਮ ਨੂੰ ਜੇਲ੍ਹ ਦੇ ਅੰਦਰ ਹੀ ਮੁਲਾਕਾਤ ਕਰਦੇ ਰਹਿੰਦੇ ਹਨ।
ਇਹ ਵੀ ਪੜੋ: SYL ਦੇ ਮੁੱਦੇ 'ਤੇ ਮੀਟਿੰਗ ਅੱਜ: ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਕਰਨਗੇ ਚਰਚਾ