ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ਚਲੋ ਦਾ ਨਾਅਰਾ ਦਿੱਤਾ ਗਿਆ ਹੈ, ਪਰ ਸੂਬਿਆਂ ਦੀਆਂ ਸਰਹੱਦਾਂ ਉੱਤੇ ਹੀ ਉਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਦਿੱਲੀ, ਉੱਤਰ-ਪ੍ਰਦੇਸ਼ ਦੇ ਬਾਰਡਰ ਉੱਪਰ ਸਖ਼ਤ ਨਿਗਰਾਨੀ ਹੈ, ਉੱਥੇ ਹੀ ਦਿੱਲੀ-ਹਰਿਆਣਾ ਦੇ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ ਇਸ ਦੇ ਵਿਰੋਧ ਵਿੱਚ ਪੰਜਾਬ ਦੇ ਵਿਧਾਇਕ ਆਪਣੇ ਸਮਰਥਕਾਂ ਸਮੇਤ ਦਿੱਲੀ ਪੁੱਜੇ ਅਤੇ ਸਰਕਾਰ ਦੇ ਇਸ ਰਵੱਈਏ ਪ੍ਰਤੀ ਵਿਰੋਧ ਪ੍ਰਗਟਾਉਣ ਲਈ ਅਤੇ ਕਿਸਾਨਾਂ ਦੇ ਸਮਰਥਨ ਲਈ ਧਰਨਾ ਪ੍ਰਦਰਸ਼ਨ ਕੀਤਾ।
ਜਿਹੜੇ ਵਿਧਾਇਕ ਦਿੱਲੀ ਪੁੱਜੇ ਸਨ, ਉਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਢੀਂਡਸਾ, ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਸ਼ਾਮਿਲ ਸਨ।
ਉਨ੍ਹਾਂ ਨੇ ਆਪਣਾ ਰੋਸ ਪ੍ਰਦਰਸ਼ਨ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਮੱਥਾ ਟੇਕ ਕੇ ਸ਼ੁਰੂ ਕੀਤਾ ਅਤੇ ਦਿੱਲੀ ਦੀਆਂ ਸੜਕਾਂ ਉੱਤੇ ਕਿਸਾਨ ਜ਼ਿੰਦਾਬਾਦ ਅਤੇ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਪੂਰਾ ਕੀਤਾ। ਦਿੱਲੀ ਸਰਕਾਰ ਵੱਲੋਂ ਇਸ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਜਗ੍ਹਾ-ਜਗ੍ਹਾ ਬੈਰੀਕੇਡ ਲਗਾਏ ਹੋਏ ਸਨ ਪਰ ਇਨ੍ਹਾਂ ਨੂੰ ਰਸਤੇ ਚੋਂ ਹਟਾਉਂਦੇ ਹੋਏ ਪੰਜਾਬ ਦੇ ਵਿਧਾਇਕ ਅੱਗੇ ਵਧਦੇ ਗਏ। ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜੰਤਰ-ਮੰਤਰ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਭੇਜ ਦਿਤਾ ਗਿਆ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ।