ਨਵੀਂ ਦਿੱਲੀ: ਦਿੱਲੀ 'ਚ ਸ਼ਰਾਬ ਦੀ ਵਿਕਰੀ 'ਤੇ ਫਿਲਹਾਲ ਮੌਜੂਦਾ ਪੁਰਾਣੀ ਨੀਤੀ ਲਾਗੂ ਰਹੇਗੀ। ਦਿੱਲੀ ਵਿੱਚ, ਸਰਕਾਰ ਦੀ ਪੁਰਾਣੀ ਆਬਕਾਰੀ ਨੀਤੀ (ਨਵੰਬਰ 2021 ਤੋਂ ਪਹਿਲਾਂ ਲਾਗੂ) ਦੇ ਤਹਿਤ, ਸ਼ਰਾਬ ਸਿਰਫ਼ ਸਰਕਾਰੀ ਦੁਕਾਨਾਂ 'ਤੇ ਵੇਚੀ ਜਾ ਰਹੀ ਹੈ। ਇਸ ਨੀਤੀ ਨੂੰ ਅਗਲੇ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਅਧਿਕਾਰੀਆਂ ਨੂੰ ਸ਼ਰਾਬ ਦੀ ਵਿਕਰੀ ਲਈ ਨਵੀਂ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਸਰਕਾਰ ਵੱਲੋਂ ਨਵੰਬਰ 2021 ਵਿੱਚ ਲਾਗੂ ਕੀਤੀ ਗਈ ਨਵੀਂ ਆਬਕਾਰੀ ਨੀਤੀ ਅਤੇ ਸੀਬੀਆਈ ਜਾਂਚ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਸਰਕਾਰ ਨੇ ਅਗਸਤ ਵਿੱਚ ਇਸ ਨੂੰ ਰੱਦ ਕਰ ਦਿੱਤਾ ਸੀ। 1 ਸਤੰਬਰ 2022 ਤੋਂ ਦਿੱਲੀ ਵਿੱਚ ਪੁਰਾਣੀ ਆਬਕਾਰੀ ਨੀਤੀ ਤਹਿਤ ਸ਼ਰਾਬ ਵੇਚੀ ਜਾ ਰਹੀ ਹੈ। ਸ਼ਰਾਬ ਦੀ ਵਿਕਰੀ ਲਈ ਨਵੀਂ ਆਬਕਾਰੀ ਨੀਤੀ ਅਜੇ ਤੱਕ ਤਿਆਰ ਨਹੀਂ ਕੀਤੀ ਗਈ ਹੈ। ਸਬੰਧਤ ਵਿਭਾਗ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸ਼ਰਾਬ ਦੀ ਵਿਕਰੀ ਲਈ ਜਲਦੀ ਤੋਂ ਜਲਦੀ ਨਵੀਂ ਆਬਕਾਰੀ ਨੀਤੀ ਤਿਆਰ ਕੀਤੀ ਜਾਵੇ। ਮੌਜੂਦਾ ਸਮੇਂ 'ਚ ਸਿਰਫ 6 ਮਹੀਨਿਆਂ ਲਈ ਪੁਰਾਣੀ ਆਬਕਾਰੀ ਨੀਤੀ ਨੂੰ ਅੱਗੇ ਵਧਾਇਆ ਗਿਆ ਹੈ। ਇਸ ਦੌਰਾਨ 6 ਮਹੀਨਿਆਂ 'ਚ 5 ਡਰਾਈ ਡੇਅ ਹੋਣਗੇ। ਇਸ ਦਿਨ ਸ਼ਰਾਬ ਨਹੀਂ ਵੇਚੀ ਜਾਵੇਗੀ।ਇਸ ਦਿਨ ਮਹਾਵੀਰ ਜਯੰਤੀ, ਗੁੱਡ ਫਰਾਈਡੇ, ਬੁੱਧ ਪੂਰਨਿਮਾ, ਈਦ-ਉਲ-ਫਿਤਰ, ਈਦ-ਉਲ-ਜੂਹਾ ਹੈ।
ਦਿੱਲੀ ਸਰਕਾਰ ਵੱਲੋਂ 17 ਨਵੰਬਰ, 2021 ਨੂੰ ਲਾਗੂ ਕੀਤੀ ਨਵੀਂ ਆਬਕਾਰੀ ਨੀਤੀ ਤੋਂ ਪਹਿਲਾਂ, ਆਬਕਾਰੀ ਵਿਭਾਗ ਦੀ ਨੀਤੀ ਜਿਸ ਤਹਿਤ ਸ਼ਰਾਬ ਵੇਚੀ ਜਾ ਰਹੀ ਸੀ, ਛੇ ਹੋਰ ਮਹੀਨਿਆਂ ਲਈ ਲਾਗੂ ਰਹੇਗੀ। ਨਵੀਂ ਆਬਕਾਰੀ ਨੀਤੀ ਤਿਆਰ ਕਰਨ ਲਈ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੇ ਰਿਪੋਰਟ ਪੇਸ਼ ਕਰਨ ਲਈ ਕੁਝ ਹੋਰ ਸਮਾਂ ਮੰਗਿਆ ਹੈ। ਅਜਿਹੇ 'ਚ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੀ ਨੀਤੀ ਤਹਿਤ ਦਿੱਲੀ ਦੀਆਂ ਸਾਰੀਆਂ ਦੁਕਾਨਾਂ, ਹੋਟਲਾਂ, ਕਲੱਬਾਂ ਅਤੇ ਬਾਰਾਂ, ਜਿਨ੍ਹਾਂ 'ਚ ਸ਼ਰਾਬ ਵੇਚੀ ਜਾ ਰਹੀ ਹੈ, ਇਸ ਦੇ ਲਾਇਸੈਂਸ ਦੀ ਮਿਆਦ ਛੇ ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਸ ਸਮੇਂ ਦਿੱਲੀ 'ਚ 570 ਦੁਕਾਨਾਂ 'ਤੇ ਸ਼ਰਾਬ ਵਿਕਦੀ ਹੈ, ਇਸ ਤੋਂ ਇਲਾਵਾ ਕੁੱਲ 960 ਹੋਟਲ ਅਤੇ ਬਾਰ ਹਨ, ਜਿਨ੍ਹਾਂ 'ਚ ਸ਼ਰਾਬ ਪਰੋਸੀ ਜਾਂਦੀ ਹੈ।
ਇਹ ਵੀ ਪੜ੍ਹੋ:- Planning Killing Of Punjabi singers: ਬੰਬੀਹਾਂ ਗਰੁੱਪ ਦੇ ਨਿਸ਼ਾਨੇ ਉੱਤੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ਼, ਜਾਣੋ ਕੀ ਹੈ ਸੱਚ