ਨਵੀਂ ਦਿੱਲੀ: ਉੱਤਰੀ ਬਾਹਰੀ ਦਿੱਲੀ ਦੇ ਨਰੇਲਾ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਅੱਠ ਸਾਲ ਦੀ ਮਾਸੂਮ ਬੱਚੀ ਦੀ ਲਾਸ਼ (dead body of missing eight year old girl found) ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਪੁਲਿਸ ਨੂੰ ਅੱਠ ਸਾਲ ਦੀ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਲੱਭਣ ਲਈ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ, ਜਿਸ ਦੀ ਇਕ ਫੁਟੇਜ 'ਚ ਬੱਚੀ ਨੂੰ ਇਕ ਆਦਮੀ ਨਾਲ ਦੇਖਿਆ ਗਿਆ।
ਸੀਸੀਟੀਵੀ ਤੋਂ ਸੁਰਾਗ ਮਿਲਣ ’ਤੇ ਪੁਲਿਸ ਨੇ ਬਿਨ੍ਹਾਂ ਦੇਰੀ ਕੀਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਨੌਜਵਾਨ ਦੇ ਕਹਿਣ 'ਤੇ ਇਕ ਪਾਰਕ 'ਚੋਂ ਲੜਕੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਲਾਪਤਾ ਹੋਣ ਦੇ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਭਰਾ ਨਾਲ ਲੜਾਈ ਹੋਈ ਸੀ। ਬਦਲਾ ਲੈਣ ਲਈ ਉਸ ਨੇ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਬਲਾਤਕਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਦੀ ਲਾਸ਼ ਦੀ ਹਾਲਤ ਦੇ ਆਧਾਰ 'ਤੇ ਲੜਕੀ ਨਾਲ ਵੀ ਬਲਾਤਕਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਬਾਕੀ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਫਿਲਹਾਲ ਥਾਣਾ ਨਰੇਲਾ ਦੀ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਭੇਜਿਆ ਨੋਟਿਸ: ਦਿੱਲੀ ਮਹਿਲਾ ਕਮਿਸ਼ਨ (DCW) ਨੇ ਹੁਣ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਦਰਅਸਲ, ਲੜਕੀ ਦੀ ਵੱਡੀ ਭੈਣ ਨੇ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਸਿਰ ਵੀ ਪੱਥਰਾਂ ਨਾਲ ਕੁਚਲਿਆ ਗਿਆ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ 8 ਸਾਲ ਦੀ ਬੱਚੀ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਦੇ ਸਿਰ 'ਤੇ ਪੱਥਰਾਂ ਨਾਲ ਬੇਰਹਿਮੀ ਨਾਲ ਵਾਰ ਕੀਤਾ ਗਿਆ ਸੀ। ਇਹ ਕਾਫ਼ੀ ਮੰਦਭਾਗਾ ਹੈ। ਪੁਲਿਸ ਤੋਂ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਮੰਗੀ ਗਈ ਹੈ।
ਇਹ ਵੀ ਪੜ੍ਹੋ:- ਪਸੰਦੀਦਾ YouTuber ਦੀ ਭਾਲ ਵਿੱਚ ਪੰਜਾਬ ਤੋਂ ਸਾਈਕਲ ਉੱਤੇ ਦਿੱਲੀ ਆਇਆ 13 ਸਾਲਾ ਲੜਕਾ