ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਟਵਿੱਟਰ ’ਤੇ ਧਮਕੀ ਦਿੱਤੇ ਜਾਣ ਦੇ ਮਾਮਲੇ ਚ ਦਿੱਲੀ ਮਹਿਲਾ ਕਮਿਸ਼ਨ ਨੇ ਕੜੀ ਨਿੰਦਾ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਨੋਟਿਸ 'ਚ ਸਵਾਤੀ ਮਾਲੀਵਾਲ ਨੇ ਕਿਹਾ ਕਿ ਭਾਰਤ ਪਾਕਿਸਤਾਨ ਤੋਂ ਹਾਰ ਗਿਆ ਅਤੇ ਵਿਰਾਟ ਕੋਹਲੀ ਨੇ ਮੁਹੰਮਦ ਸ਼ਮੀ ਦਾ ਸਮਰਥਨ ਕੀਤਾ, ਇਸੇ ਲਈ ਸੋਸ਼ਲ ਮੀਡੀਆ 'ਤੇ ਕੁਝ ਲੋਕ ਉਨ੍ਹਾਂ ਦੀ 9 ਮਹੀਨੇ ਦੀ ਬੇਟੀ ਨੂੰ ਧਮਕੀਆਂ ਦੇ ਰਹੇ ਹਨ। ਅਜਿਹੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇੱਕ ਛੋਟੀ ਮਾਸੂਮ ਬੱਚੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਹ ਸਮਾਜ ਲਈ ਬਹੁਤ ਗੰਭੀਰ ਮਾਮਲਾ ਹੈ। ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ 10 ਮਹੀਨੇ ਦੀ ਬੇਟੀ ਨੂੰ ਮਿਲੀ ਬਲਾਤਕਾਰ ਦੀ ਧਮਕੀ, ਇਹ ਹੈ ਕਾਰਨ
ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਦੇ ਡੀਸੀਪੀ ਨੂੰ ਲਿਖੇ ਪੱਤਰ ਵਿੱਚ ਇਸ ਮਾਮਲੇ ਦੀ ਐਫਆਈਆਰ ਦੀ ਕਾਪੀ ਮੰਗੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ, ਇਸ ਦੀ ਜਾਣਕਾਰੀ ਵੀ ਕਮਿਸ਼ਨ ਨਾਲ ਸਾਂਝੀ ਕੀਤੀ ਜਾਵੇ। ਕਮਿਸ਼ਨ ਨੇ ਇਹ ਸਾਰੀ ਜਾਣਕਾਰੀ 8 ਨਵੰਬਰ ਤੱਕ ਦੇਣ ਲਈ ਕਿਹਾ ਹੈ।
ਅਨੁਸ਼ਕਾ ਸ਼ਰਮਾ ਦੀ ਫੋਟੋ ਸ਼ੇਅਰ ਕਰਕੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਨੇ ਦੀਵਾਲੀ 'ਤੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਸੀ, ਉਸ ਤੋਂ ਬਾਅਦ ਵੀ ਉਸ ਨੂੰ ਖੂਬ ਟ੍ਰੋਲ ਕੀਤਾ ਗਿਆ ਸੀ। ਵਿਰਾਟ ਅਤੇ ਅਨੁਸ਼ਕਾ ਨੇ ਅਜੇ ਤੱਕ ਧੀ ਦਾ ਚਿਹਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤਾ ਹੈ, ਜਿਸ ਕਾਰਨ ਇਹ ਜੋੜਾ ਕਈ ਵਾਰ ਟ੍ਰੋਲ ਹੋ ਚੁੱਕਾ ਹੈ। ਐਤਵਾਰ ਨੂੰ ਅਨੁਸ਼ਕਾ ਸ਼ਰਮਾ ਨੇ ਹੈਲੋਵੀਨ ਤਿਉਹਾਰ 'ਤੇ ਬੇਟੀ, ਪਤੀ ਵਿਰਾਟ ਕੋਹਲੀ, ਕ੍ਰਿਕਟਰ ਰੋਹਿਤ ਸ਼ਰਮਾ ਅਤੇ ਪਤਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਘੇਰਿਆ ਜਾ ਰਿਹਾ ਹੈ।
ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਮੁਹੰਮਦ ਸ਼ਮੀ ਦਾ ਬਚਾਅ ਕਰਦੇ ਹੋਏ ਟ੍ਰੋਲਸ ਦੀ ਸਖਤ ਨਿੰਦਾ ਕੀਤੀ ਸੀ। ਮੌਜੂਦਾ ਟੀ-20 ਵਿਸ਼ਵ ਕੱਪ 'ਚ ਮੁਹੰਮਦ ਸ਼ਮੀ ਨੇ ਪਾਕਿਸਤਾਨ ਖਿਲਾਫ ਬਿਨਾਂ ਕੋਈ ਵਿਕਟ ਲਏ 4 ਓਵਰਾਂ 'ਚ 43 ਦੌੜਾਂ ਦਿੱਤੀਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਧਰਮ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ।