ਚੰਡੀਗੜ੍ਹ: ਭਾਰਤ ਦੇ ਸਵਰਗੀ ਦਿੱਗਜ਼ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ (Dara Singh) ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਧਰਮੂਚੱਕ ਵਿਖੇ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂਅ ਦਾਰਾ ਸਿੰਘ (Dara Singh) ਰੰਧਾਵਾ ਹੈ। ਬਚਪਨ ਤੋਂ ਦਾਰਾ ਸਿੰਘ ਦੀ ਦਿਲਚਸਪੀ ਕੁਸ਼ਤੀ ਵਿੱਚ ਸੀ। ਇਸ ਸ਼ੌਕ ਕਾਰਨ ਹੀ ਉਨ੍ਹਾਂ ਨੇ ਖ਼ੂਬ ਨਾਂਅ ਕਮਾਇਆ।
ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2021: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਇੱਕ ਝਾਤ
ਵਿਸ਼ਵ ਚੈਂਪੀਅਨ ਤਾਂ ਦਾਰਾ ਸਿੰਘ ਬਣੇ ਹੀ ਇਸ ਤੋਂ ਇਲਾਵਾ ਫ਼ਿਲਮ ਜਗਤ ਤੋਂ ਵੀ ਉਨ੍ਹਾਂ ਨੂੰ ਕਈ ਆਫ਼ਰਾਂ ਆਈਆਂ। ਕੁਝ ਲੋਕੀ ਆਖਦੇ ਹਨ ਕਿ ਉਹ ਪਹਿਲਵਾਨੀ ਸਿੱਖਣ ਲਈ ਸਿੰਗਾਪੁਰ ਗਏ ਸੀ ਪਰ ਜੋ ਸੀਨੀਅਰ ਪੱਤਰਕਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ ਉਹ ਇਹ ਗੱਲ ਆਖਦੇ ਹਨ ਕਿ ਦਾਰਾ ਸਿੰਘ ਉੱਥੇ ਪਹਿਲਵਾਨੀ ਕਰਨ ਨਹੀਂ ਬਲਕਿ ਰੋਜ਼ੀ-ਰੋਟੀ ਕਮਾਉਣ ਲਈ ਗਏ ਸਨ। ਇਸ ਸੰਘਰਸ਼ ਦੇ ਦਿਨ੍ਹਾਂ 'ਚ ਉਨ੍ਹਾਂ ਨੇ ਮਜ਼ਦੂਰੀ ਵੀ ਕੀਤੀ।
ਦਾਰਾ ਸਿੰਘ (Dara Singh) ਨੂੰ ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਕਿਹਾ ਜਾਂਦਾ ਹੈ। ਇਹ ਨਾਂਅ ਉਨ੍ਹਾਂ ਨੂੰ ਰਾਸ਼ਟਰ-ਮੰਡਲ ਖੇਡਾਂ ਤੋਂ ਬਾਅਦ ਮਿਲਿਆ ਸੀ। ਇਨ੍ਹਾਂ ਖੇਡਾਂ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਚੈਂਪੀਅਨ ਜਾਰਜ ਗੋਰਡੀਆਨਕੋ ਨੂੰ ਹਰਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਦਾਰਾ ਸਿੰਘ ਨੇ ਤਕਰੀਬਨ 200 ਹਿੰਦੀ ਫ਼ਿਲਮਾਂ ਅਤੇ 34 ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੋਇਆ ਹੈ।
ਦੱਸ ਦਈਏ ਕਿ 1964 'ਚ ਫ਼ਿਲਮ ਜੱਗਾ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਇਸ ਫ਼ਿਲਮ ਵਿੱਚ ਦਾਰਾ ਸਿੰਘ (Dara Singh) ਦੀ ਅਦਾਕਾਰੀ ਕਮਾਲ ਦੀ ਸੀ। ਹੁਣ ਤੱਕ ਤਕਰੀਬਨ 21 ਪੰਜਾਬੀ ਫ਼ਿਲਮਾਂ ਨੂੰ ਨੈਸ਼ਨਲ ਪੁਰਸਕਾਰ ਮਿਲ ਚੁੱਕਾ ਹੈ ਜਿਸ ਦੇ ਵਿੱਚ ਦਾਰਾ ਸਿੰਘ ਦੀਆਂ 3 ਫ਼ਿਲਮਾਂ ਸ਼ਾਮਿਲ ਹਨ। 50 ਦੇ ਦਸ਼ਕ ਵਿੱਚ ਦਾਰਾ ਸਿੰਘ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਬਾਲੀਵੁੱਡ ਵਿੱਚ ਉਨ੍ਹਾਂ ਦੀ ਆਖਰੀ ਫ਼ਿਲਮ 'ਜਬ ਵੁਈ ਮੈਟ' ਸੀ।
ਬਾਲੀਵੁੱਡ ਫ਼ਿਲਮਾਂ ਤੋਂ ਇਲਾਵਾ ਦਾਰਾ ਸਿੰਘ ਨੇ ਟੀਵੀ ਨਾਟਕਾਂ 'ਚ ਵੀ ਆਪਣੀ ਅਦਾਕਾਰੀ ਦਾ ਹੁਨਰ ਵਿਖਾਇਆ। ਉਨ੍ਹਾਂ ਦੇ ਰਮਾਇਣ ਵਿੱਚ ਹਨੂਮਾਨ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਜਦੋਂ ਦਾਰਾ ਸਿੰਘ ਨੇ ਹਨੂਮਾਨ ਦਾ ਕਿਰਦਾਰ ਅਦਾ ਕੀਤਾ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ 60 ਸਾਲ ਸੀ। ਇਸ ਸ਼ੋਅ ਤੋਂ ਬਾਅਦ ਵਕਤ ਅਜਿਹਾ ਆਇਆ ਕਿ ਹਨੂਮਾਨ ਦੇ ਰੂਪ ਵਿੱਚ ਦਾਰਾ ਸਿੰਘ (Dara Singh) ਦੀਆਂ ਫ਼ੋਟੋਆਂ ਮੰਦਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ।
ਆਪਣੇ ਫ਼ਿਲਮੀ ਅਤੇ ਪਹਿਲਵਾਨੀ ਸਫ਼ਰ ਵਿੱਚ ਤਾਂ ਪ੍ਰਸਿੱਧੀ ਹਾਸਿਲ ਕੀਤੀ ਹੀ, ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀਆਂ ਦੇ ਦਿਲ ਵਿੱਚ ਆਪਣੀ ਇੱਕ ਵੱਖਰੀ ਥਾਂ ਵੀ ਬਣਾਈ। ਬੇਸ਼ਕ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹਨ ਪਰ ਜਿੰਦਗੀ ਭਰ ਕਮਾਏ ਹੋਏ ਉਨ੍ਹਾਂ ਦੇ ਰੁਤਬੇ ਨੂੰ ਅੱਜ ਵੀ ਲੋਕ ਸਲਾਮ ਕਰਦੇ ਹਨ।