ਸੋਨਭੱਦਰ: ਜ਼ਿਲ੍ਹੇ ਦੇ ਸ਼ਾਹਗੰਜ ਥਾਣਾ ਖੇਤਰ ਵਿੱਚ ਇੱਕ ਲਾਈਨਮੈਨ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਇਲਾਕੇ ਦੇ ਪਿੰਡ ਬਲਦੀਹ ਵਿੱਚ ਇੱਕ ਦਬੰਗ ਲਾਈਨਮੈਨ ਨੇ ਦੂਜੇ ਲਾਈਨਮੈਨ ਦੀ ਕੁੱਟਮਾਰ ਕਰਕੇ ਉਸ ਕੋਲੋਂ ਚੱਪਲ ਉੱਤੇ ਥੁੱਕ ਚਟਵਾਇਆ ਹੈ। ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆ ਕੇ ਕਾਰਵਾਈ ਕੀਤੀ ਹੈ। ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਲਾਈਨਮੈਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਕਸੂਰ ਸੀ ਨੌਜਵਾਨ ਦਾ : ਦਰਅਸਲ ਸ਼ਾਹਗੰਜ ਥਾਣਾ ਖੇਤਰ ਦੇ ਬਲਦੀਹ ਪਿੰਡ 'ਚ ਇਕ ਨੌਜਵਾਨ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਉਸਦੇ ਮਾਮੇ ਦੇ ਘਰ ਦਾ ਬਿਜਲੀ ਵਿਭਾਗ ਨੇ ਕੁਨੈਕਸ਼ਨ ਕੱਟ ਦਿੱਤਾ ਸੀ। ਇਸ ਤੋਂ ਬਾਅਦ ਉਸਨੇ ਆਪਣੇ ਮਾਮੇ ਨੂੰ ਪੁੱਛ ਕੇ ਕੁਨੈਕਸ਼ਨ ਦੀ ਲਾਈਨ ਜੋੜ ਦਿੱਤੀ। ਇਸਨੂੰ ਦੇਖਦੇ ਹੋਏ ਨੇੜਲੇ ਪਿੰਡ ਦੇ ਕੁਝ ਹੋਰ ਲੋਕਾਂ ਦੇ ਕਹਿਣ 'ਤੇ ਉਸਨੇ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਵੀ ਕੁਝ ਪੈਸਿਆਂ ਨਾਲ ਜੋੜ ਦਿੱਤਾ। ਇਸ ਗੱਲ ਦਾ ਪਤਾ ਉਸ ਇਲਾਕੇ 'ਚ ਕੰਮ ਕਰਦੇ ਲਾਈਨਮੈਨ ਨੂੰ ਲੱਗਾ, ਜਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨਾਲ ਅਣਮਨੁੱਖੀ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦਬੰਗ ਲਾਈਨਮੈਨ ਨੇ ਉਸਨੂੰ ਗਾਲ੍ਹਾਂ ਕੱਢੀਆਂ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਹੀ ਨਹੀਂ ਉਸਨੇ ਉਸ ਤੋਂ ਆਪਣੀ ਜੁੱਤੀ ਉੱਤੇ ਸੁੱਟਿਆ ਥੁੱਕ ਵੀ ਚਟਵਾਇਆ। ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਘੋੜਾਵਾਲ ਖੇਤਰ ਦੇ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜੋ ਕਿ 3 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ।ਕੁੱਟਮਾਰ ਕਰਨ ਵਾਲੇ ਲਾਈਨਮੈਨ ਦਾ ਨਾਂ ਤੇਜਬਲੀ ਪਟੇਲ ਹੈ, ਜੋ ਸ਼ਾਹਗੰਜ ਥਾਣਾ ਖੇਤਰ ਦੇ ਕੋਹਾਰਥ ਪਿੰਡ ਦਾ ਰਹਿਣ ਵਾਲਾ ਹੈ। ਉਹ ਸ਼ਾਹਗੰਜ ਫੀਡਰ ਵਿਖੇ ਠੇਕਾ ਕਰਮਚਾਰੀ ਵਜੋਂ ਤਾਇਨਾਤ ਹੈ। ਇਸ ਦੇ ਨਾਲ ਹੀ ਪੀੜਤ ਦਾ ਨਾਂ ਰਾਜੇਂਦਰ ਕੁਮਾਰ ਪੁੱਤਰ ਸ਼੍ਰੀਰਾਮ ਹੈ, ਜੋ ਥਾਣਾ ਰਾਵਤਗੰਜ ਦੇ ਪਿੰਡ ਬਹੂਰ ਦਾ ਰਹਿਣ ਵਾਲਾ ਹੈ। ਮਾਮਲੇ 'ਚ ਪੀੜਤ ਰਾਜੇਂਦਰ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਲਾਈਨਮੈਨ ਤੇਜਬਲੀ ਪਟੇਲ ਖਿਲਾਫ ਸ਼ਾਹਗੰਜ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।