ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਪਿਛਲੇ 24 ਘੰਟਿਆ ਦੌਰਾਨ ਭਾਰਤ ਵਿੱਚ ਕੋਵਿਡ-19 ਦੇ ਕੁੱਲ 10,089 ਨਵੇਂ ਮਾਮਲੇ ਦਰਜ ਹੋਏ ਹਨ, ਜਦਕਿ ਇਸ ਬਿਮਾਰੀ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਐਤਵਾਰ ਸਾਹਮਣੇ ਆਏ 10,089 ਨਵੇਂ ਮਾਮਲਿਆਂ ਨਾਲ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ ਵੀ ਵਧ ਕੇ ਕੁੱਲ 4, 48, 18, 115 ਤੱਕ ਪਹੁੰਚ ਗਈ ਹੈ, ਜਦਕਿ ਕੁੱਲ ਐਕਟਿਵ ਮਾਮਲਿਆਂ ਦਾ ਅੰਕੜਾ 57 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 6,248 ਲੋਕ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤੇ।
ਕੋਰੋਨਾਵਾਇਰਸ ਦਾ ਰਿਕਰਵਰੀ ਰੇਟ : ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਰਿਕਰਵਰੀ ਰੇਟ ਦੇਸ਼ 'ਚ 98.68 ਫ਼ੀਸਦੀ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ ਵੱਧ 4, 42, 29, 459 ਤੱਕ ਪਹੁੰਚ ਚੁੱਕੀ ਹੈ, ਜਦਕਿ ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 5.61 ਫੀਸਦੀ ਅਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 4.78 ਫੀਸਦੀ ਉੱਤੇ ਹੀ ਬਣੀ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,66,26,324 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ 'ਚ, ਕੋਵਿਡ-19 ਜਾਂਚ ਲਈ 1, 79, 853 ਨਮੂਨੇ ਲਏ ਹਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ : ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 271 ਨਵੇਂ ਮਾਮਲੇ ਦਰਜ ਹੋਏ। ਇਹਨਾਂ ਵਿੱਚ ਮੋਹਾਲੀ ਤੋਂ 69, ਪਟਿਆਲਾ-45, ਲੁਧਿਆਣਾ-43, ਫਾਜ਼ਿਲਕਾ-18, ਬਠਿੰਡਾ-17, ਅੰਮ੍ਰਿਤਸਰ-14, ਹੁਸ਼ਿਆਰਪੁਰ-14, ਪਠਾਨਕੋਟ-9, ਜਲੰਧਰ-8, ਮੋਗਾ-8, ਬਰਨਾਲਾ-7, ਫ਼ਰੀਦਕੋਟ-6, ਫਿਰੋਜ਼ਪੁਰ-3, ਗੁਰਦਾਸਪੁਰ-3, ਫ਼ਤਹਿਗੜ੍ਹ ਸਾਹਿਬ-2, ਕਪੂਰਥਲਾ-2, ਮੋਹਾਲੀ-2, ਨਵਾਂਸ਼ਹਿਰ-2 ਅਤੇ ਮਲੇਰਕੋਟਲਾ-1 ਕੋਰੋਨਾ ਮਾਮਲੇ ਦਰਜ ਹੋਏ ਹਨ। ਪੰਜਾਬ ਵਿੱਚ ਕੋਰੋਨਾ ਪਾਜ਼ੀਟੀਵਿਟੀ ਦਰ 7.23 ਫੀਸਦੀ ਦਰਜ ਹੋਈ ਹੈ। ਉੱਥੇ ਹੀ, 20 ਮਰੀਜ ਆਕਸੀਜਨ ਸਪੋਰਟ 'ਤੇ ਹਨ, ਜਿਨ੍ਹਾਂ ਚੋ 9 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਜਲੰਧਰ ਵਿੱਚ ਤਿੰਨ ਮਰੀਜ਼ ਆਈਸੀਯੂ ਵਿੱਚ ਸ਼ਿਫਟ ਕੀਤੇ ਗਏ ਹਨ।
ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਐਤਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 80 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ ਹਨ, ਇਨ੍ਹਾਂ ਚੋਂ ਅੰਮ੍ਰਿਤਸਰ-10, ਬਰਨਾਲਾ-7, ਫਿਰੋਜ਼ਪੁਰ-7, ਕਪੂਰਥਲਾ-1, ਲੁਧਿਆਣਾ-13, ਮੋਗਾ-1, ਪਠਾਨਕੋਟ-1, ਪਟਿਆਲਾ-20, ਰੋਪੜ-1 ਅਤੇ ਮੋਹਾਲੀ ਤੋਂ 18 ਕੋਰੋਨਾਵਾਇਰਸ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਪਰਤ ਚੁੱਕੇ ਹਨ।
1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਐਤਵਾਰ 16 ਅਪ੍ਰੈਲ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 88, 550 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ ਕੁੱਲ 1,546 ਐਕਟਿਵ ਮਾਮਲੇ ਦਰਜ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,529 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 66, 475 ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤ ਗਏ ਹਨ।
ਇਹ ਵੀ ਪੜ੍ਹੋ: Love Horoscope 17 April 2023: ਕਿਹੋ ਜਿਹਾ ਰਹੇਗਾ ਅੱਜ ਦਾ ਦਿਨ, ਜਾਣੋ ਅੱਜ ਦਾ ਲਵ ਰਾਸ਼ੀਫਲ