ਤਰਨ ਤਾਰਨ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ (Coonoor helicopter crash) ਹੋ ਗਿਆ। ਇਸ ਹਾਦਸੇ ਵਿੱਚ ਕੁੱਲ 13 ਲੋਕਾਂ ਦੀ ਮੌਤ ਹੋ ਗਈ, ਜਿਹਨਾਂ ਵਿੱਚ ਪੰਜਾਬ ਦਾ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ ਹੋ ਗਿਆ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ।
ਪੰਜਾਬ ਦਾ ਜਵਾਨ ਸ਼ਹੀਦ
ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਵਿਚ ਤਰਨਤਾਰਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਦਾ ਰਹਿਣ ਵਾਲੇ ਸਨ ਜੋ ਕਿ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦੇ ਮੈਂਬਰ ਸਨ। ਗੁਰਸੇਵਕ ਸਿੰਘ ਫੌਜ ਦੀ ਪੈਰਾ ਸਪੈਸ਼ਲ ਫੋਰਸ ਯੂਨਿਟ ਵਿੱਚ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਸ਼ਹੀਦ ਗੁਰਸੇਵਕ ਸਿੰਘ ਦੇ ਭਰਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਖ਼ਬਰ ਉਹਨਾਂ ਨੂੰ ਫੋਨ ‘ਤੇ ਮਿਲੀ ਸੀ।
ਉਹਨਾਂ ਦੱਸਿਆ ਕੇ ਗੁਰਸੇਵਕ ਸਿੰਘ 2001-02 ਵਿੱਚ ਭਰਤੀ ਹੋਏ ਸਨ ਅਤੇ 2011 ਵਿੱਚ ਉਹਨਾਂ ਦਾ ਵਿਆਹ ਹੋਇਆ ਸੀ ਜਿਹਨਾਂ ਨੇ 3 ਬੱਚੇ ਹਨ, ਜਿਹਨਾਂ ਵਿੱਚ 2 ਲੜਕੀਆਂ ‘ਤੇ 1 ਲੜਕਾ ਹੈ।
ਸ਼ਹੀਦ ਗੁਰਸੇਵਕ ਸਿੰਘ ਦੇ ਪਿਤਾ ਦਾ ਰੋ-ਰੋ ਬੁਰ੍ਹਾ ਹਾਲ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਰਾਤ ਸਾਨੂੰ ਇਹ ਖ਼ਬਰ ਮਿਲੀ ਹੈ। ਸ਼ਹੀਦ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਉਸ ਦਾ ਹਰ ਰੋਜ਼ ਫੋਨ ਆਉਦਾ ਸੀ ਤੇ ਮੈਨੂੰ ਹਾਲ-ਚਾਲ ਪੁੱਛਦਾ ਸੀ, ਪਰ ਹੁਣ ਕੱਲ੍ਹ ਦਾ ਕੋਈ ਫੋਨ ਨਹੀਂ ਆ ਰਿਹਾ ਹੈ।
ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹਨਾਂ ਨੂੰ ਥਾਣੇ ਤੋਂ ਫੋਨ ਆਇਆ ਸੀ ਕਿ ਤੁਹਾਡੇ ਪਿੰਡ ਦੇ ਜਵਾਨ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਤੇ ਇਹ ਖ਼ਬਰ ਸੁਣਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਬਹੁਤ ਹੀ ਸੂਜਵਾਨ ਸੀ ਤੇ ਉਹ ਸਪੋਸਟ ਕੋਟੇ ਤਹਿਤ ਭਰਤੀ ਹੋਇਆ ਸੀ, ਉਹਨਾਂ ਨੇ ਕਿਹਾ ਕਿ ਉਹ 15 ਨਵਬੰਰ ਨੂੰ ਛੁੱਟੀ ਕੱਟ ਕੇ ਗਿਆ ਹੈ, ਜੋ ਕਿ ਪਿੰਡ ਲਈ ਵੀ ਕੰਮ ਕਰ ਰਿਹਾ ਸੀ। ਉਹਨਾਂ ਨੇ ਕਿਹਾ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਵਿੱਚ ਉਸ ਦੇ ਨਾਂ ਦਾ ਗੇਟ ਬਣਾਇਆ ਜਾਵੇ।
ਹੈਲੀਕਾਪਟਰ ’ਚ ਇਹ ਲੋਕ ਸਨ ਸਵਾਰ
ਹੈਲੀਕਾਪਟਰ ਵਿੱਚ ਜਨਰਲ ਬਿਪਿਨ ਰਾਵਤ (ਸੀਡੀਐਸ), ਸ੍ਰੀਮਤੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨਕੇ ਗੁਰਸੇਵਕ ਸਿੰਘ, ਐਨਕੇ ਜਤਿੰਦਰ ਕੁਮਾਰ, ਐਲ/ਐਨਕੇ ਵਿਵੇਕ ਕੁਮਾਰ, ਐਲ/ਐਨਕੇ ਬੀ ਸਾਈ ਤੇਜਾ ਅਤੇ ਹੌਲਦਾਰ ਸਤਪਾਲ ਮੌਜੂਦ ਸਨ। ਹੈਲੀਕਾਪਟਰ ਸਲੂਰ ਆਈਏਐਫ ਬੇਸ ਤੋਂ ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਕਾਲਜ (ਡੀਐਸਸੀ) ਜਾ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 13 ਜਵਾਨਾਂ ਦੀ ਮੌਤ ਹੋ ਗਈ।
ਇਸ ਤਰ੍ਹਾਂ ਵਾਪਰਿਆ ਹਾਦਸਾ
ਇਹ ਹਾਦਸਾ ਨਨਜਪੰਚਾਥਿਰਮ ਇਲਾਕੇ 'ਚ ਭਾਰੀ ਧੁੰਦ ਦੇ ਵਿਚਕਾਰ ਵਾਪਰਿਆ ਅਤੇ ਸ਼ੁਰੂਆਤੀ ਦ੍ਰਿਸ਼ਾਂ 'ਚ ਹੈਲੀਕਾਪਟਰ ਨੂੰ ਅੱਗ ਲੱਗ ਗਈ। ਸੰਭਾਵਿਤ ਜਾਨੀ ਨੁਕਸਾਨ ਜਾਂ ਸੱਟਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਆਸਪਾਸ ਦੇ ਟਿਕਾਣਿਆਂ ਤੋਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਤਾਮਿਲਨਾਡੂ ਦੀ ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹੈਲੀਕਾਪਟਰ 'ਚ ਫੌਜ ਦੇ ਸੀਨੀਅਰ ਅਧਿਕਾਰੀ ਸਵਾਰ ਸਨ। ਐਮਰਜੈਂਸੀ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜੋ: ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ
ਹਿਮਾਚਲ ਦਾ ਜਵਾਨ ਵੀ ਹੋਇਆ ਸ਼ਹੀਦ
ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਜੈਸਿੰਘਪੁਰ ਇਲਾਕੇ ਨਾਲ ਸਬੰਧਤ ਲਾਂਸ ਨਾਇਕ ਵਿਵੇਕ ਕੁਮਾਰ ਦੀ ਵੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਵਿਵੇਕ ਕੁਮਾਰ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਪੀਐਸਓ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ। ਰਾਜ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਹਾਦਸੇ 'ਤੇ ਦੁੱਖ ਜਤਾਇਆ ਹੈ।
ਆਂਧਰਾ ਦੇ ਸਾਈ ਤੇਜਾ
ਲਾਂਸ ਨਾਇਕ ਸਾਈਂ ਤੇਜਾ, ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਮੂਲ ਨਿਵਾਸੀ, ਚਿਤੂਰ ਜ਼ਿਲੇ ਦੇ ਕੁਰਬਾਲਾ ਮੰਡਲ ਦੇ ਯੇਗੁਵੇਰੇਗਾਡਾ ਪਿੰਡ ਦਾ ਨਿਵਾਸੀ ਸੀ। ਉਹ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਨਿੱਜੀ ਕਰਮਚਾਰੀਆਂ ਵਿੱਚੋਂ ਇੱਕ ਸੀ। ਲਾਂਸ ਨਾਇਕ ਸਾਈਂ ਤੇਜਾ 2013 ਵਿੱਚ ਭਾਰਤੀ ਫੌਜ ਦੀ ਬੈਂਗਲੁਰੂ ਰੈਜੀਮੈਂਟ ਵਿੱਚ ਸ਼ਾਮਲ ਹੋਇਆ ਅਤੇ ਇੱਕ ਪੈਰਾ ਕਮਾਂਡੋ ਵਜੋਂ ਸਿਖਲਾਈ ਪ੍ਰਾਪਤ ਕੀਤੀ। ਉਹ ਹਾਲ ਹੀ ਵਿੱਚ ਸੀਡੀਐਸ ਦੇ ਨਿੱਜੀ ਸਟਾਫ ਵਿੱਚ ਸ਼ਾਮਲ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਸ਼ਿਆਮਲਾ, ਬੇਟੀ ਦਰਸ਼ਨੀ ਅਤੇ ਪੁੱਤਰ ਮੋਕਸ਼ਗਨਾ ਛੱਡ ਗਏ ਹਨ।
ਆਗਰਾ ਪਰਿਵਾਰ ਨੇ ਇਕਲੌਤਾ ਪੁੱਤਰ ਗੁਆ ਦਿੱਤਾ
ਹੈਲੀਕਾਪਟਰ ਹਾਦਸੇ ਵਿੱਚ ਯੂਪੀ ਦੇ ਆਗਰਾ ਦਾ ਰਹਿਣ ਵਾਲਾ ਪ੍ਰਿਥਵੀ ਸਿੰਘ ਚੌਹਾਨ ਵੀ ਸ਼ਹੀਦ ਹੋ ਗਿਆ ਹੈ। ਪ੍ਰਿਥਵੀ ਸਿੰਘ ਇਸ ਹੈਲੀਕਾਪਟਰ ਦਾ ਪਾਇਲਟ ਸੀ। ਹਵਾਈ ਸੈਨਾ ਧਰਤੀ ਦੀ ਲੜਾਈ ਦੇ ਹੁਨਰ ਦੀ ਕਾਇਲ ਸੀ। ਸੂਡਾਨ ਵਿੱਚ ਵਿਸ਼ੇਸ਼ ਸਿਖਲਾਈ ਲੈਣ ਤੋਂ ਬਾਅਦ, ਪ੍ਰਿਥਵੀ ਨੂੰ ਹਵਾਈ ਸੈਨਾ ਦੇ ਬਹਾਦਰ ਪਾਇਲਟਾਂ ਵਿੱਚ ਗਿਣਿਆ ਜਾਂਦਾ ਸੀ। ਆਗਰਾ ਸਥਿਤ ਉਨ੍ਹਾਂ ਦੇ ਘਰ ਰਿਸ਼ਤੇਦਾਰਾਂ ਦਾ ਇਕੱਠ ਹੈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਹਾਲਾਂਕਿ ਅਜੇ ਤੱਕ ਭਾਰਤੀ ਹਵਾਈ ਸੈਨਾ ਤੋਂ ਉਸ ਦੀ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ ਪਰ ਪਰਿਵਾਰ ਵਿਚ ਫੈਲਿਆ ਸੋਗ ਇਸ ਦੁਖਦਾਈ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ।
ਹੌਲਦਾਰ ਸਤਪਾਲ ਦਾਰਜੀਲਿੰਗ ਦੇ ਰਹਿਣ ਵਾਲੇ ਸਨ
ਸੀਡੀਐਸ ਜਨਰਲ ਬਿਪਿਨ ਰਾਵਤ ਦੇ ਸੁਰੱਖਿਆ ਗਾਰਡ ਅਤੇ ਗੋਰਖਾ ਰਾਈਫਲਜ਼ ਦੇ ਕਾਂਸਟੇਬਲ ਸਤਪਾਲ ਰਾਏ ਦੀ ਵੀ ਤਾਮਿਲਨਾਡੂ ਦੇ ਕੂਨੂਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਹੈਲੀਕਾਪਟਰ ਹਾਦਸੇ ਵਿੱਚ ਸਤਪਾਲ ਰਾਏ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਜੱਦੀ ਪਿੰਡ ਦੇ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦਾਰਜੀਲਿੰਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਐਸ ਪੋਨੰਬਲਮ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ।
ਇਹ ਵੀ ਪੜੋ: ਉੱਤਰਾਖੰਡ ‘ਚ CDS ਬਿਪਿਨ ਰਾਵਤ ਦੇ ਆਖਰੀ ਪਲ, ਪਿਆਰ ਕੀਤਾ ਸੀ ਜ਼ਾਹਿਰ