ਨਵੀਂ ਦਿੱਲੀ: ਬਾਟਲਾ ਹਾਊਸ ਮਾਮਲੇ 'ਚ ਦਿੱਲੀ ਦੀ ਸਾਕੇਤ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ੀ ਅਰੀਜ਼ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 8 ਮਾਰਚ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਅਰੀਜ਼ ਖਾਨ ਨੂੰ ਦੋਸ਼ੀ ਠਹਿਰਾਇਆ ਸੀ।
ਅਦਾਲਤ ਦੇ ਅਨੁਸਾਰ ਉਸਨੇ ਮੁਕਾਬਲੇ ਦੇ ਮਾਹਰ ਤੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਦਾ ਕਤਲ ਕੀਤਾ ਸੀ। ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਕਿਹਾ ਸੀ ਕਿ ਅਰੀਜ਼ ਖਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜੋ: ਜਲੰਧਰ 'ਚ ਆਏ ਕੋਰੋਨਾ ਦੇ 291 ਨਵੇਂ ਮਾਮਲੇ ਸਾਹਮਣੇ
ਫ਼ਰਾਰ ਚੱਲ ਰਿਹਾ ਸੀ ਦੋਸ਼ੀ ਅਰੀਜ਼ ਖਾਨ
ਕਥਿਤ ਤੌਰ 'ਤੇ ਬਾਟਲਾ ਹਾਊਸ ਇਨਕਾਊਂਟਰ ਤੋਂ ਬਾਅਦ ਅਰੀਜ਼ ਖਾਨ ਫਰਾਰ ਚੱਲ ਰਿਹਾ ਸੀ, ਜਿਸਨੂੰ ਦਿੱਲੀ ਪੁਲਿਸ ਨੇ ਫਰਵਰੀ 2018 ਵਿੱਚ ਗ੍ਰਿਫਤਾਰ ਕੀਤਾ ਸੀ। ਸੋਮਵਾਰ ਨੂੰ ਅਦਾਲਤ ਵਿੱਚ ਕਾਰਵਾਈ ਦੌਰਾਨ ਐਡਵੋਕੇਟ ਐਮ.ਐਸ. ਖਾਨ ਨੇ ਆਪਣੀ ਪਟੀਸ਼ਨ ਵਿੱਚ ਦੋਸ਼ੀ ਅਰੀਜ਼ ਦੀ ਛੋਟੀ ਉਮਰ ਦਾ ਹਵਾਲਾ ਦੇ ਕੇ ਰਹਿਮ ਦੀ ਅਪੀਲ ਕੀਤੀ ਸੀ।
ਸੀਨੀਅਰ ਸਰਕਾਰੀ ਵਕੀਲ ਏ.ਟੀ. ਅੰਸਾਰੀ ਨੇ ਮੌਤ ਦੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਕਿ ਇਹ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਅਤੇ ਇਨਸਾਫ਼ ਦੀ ਰਾਖੀ ਕਰਨ ਵਾਲੇ ਦਾ ਕਤਲ ਕੀਤਾ ਗਿਆ ਹੈ। ਸਰਕਾਰੀ ਵਕੀਲ ਅੰਸਾਰੀ ਨੇ ਕਿਹਾ ਕਿ ਇਸ ਘਟਨਾ ਕਾਰਨ ਪੂਰਾ ਸਮਾਜ ਹੈਰਾਨ ਰਹਿ ਗਿਆ ਸੀ।
ਅਰੀਜ਼ ਨੂੰ ਧਾਰਾ 186 (ਅਧਿਕਾਰੀਆਂ ਦੇ ਕੰਮ ਵਿੱਚ ਰੁਕਾਵਟ), 333 (ਕਿਸੇ ਨੂੰ ਤਸੀਹੇ ਦੇਣ ਦੀ ਗੰਭੀਰ ਸਾਜਿਸ਼), 353 (ਸਰਕਾਰੀ ਨੌਕਰ 'ਤੇ ਜਾਨਲੇਵਾ ਹਮਲਾ), 302 (ਕਤਲ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਰੀਜ਼ ਨੂੰ ਭਾਰਤੀ ਦੰਡਾਵਲੀ ਦੀ ਧਾਰਾ 277, 174 ਏ, 34 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਕੀ ਹੈ ਪੂਰਾ ਮਾਮਲਾ ?
19 ਸਤੰਬਰ, 2008 ਨੂੰ ਜਾਮੀਆ ਨਗਰ ਦੇ ਨੇੜਲੇ ਬਾਟਲਾ ਹਾਊਸ ਵਿਖੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨਾਲ ਮੁਕਾਬਲੇ ਵਿੱਚ ਇੰਡੀਅਨ ਮੁਜਾਹਿਦੀਨ ਦੇ ਦੋ ਸ਼ੱਕੀ ਅੱਤਵਾਦੀ ਅਤੇ ਇੰਸਪੈਕਟਰ ਸ਼ਰਮਾ ਦੀ ਮੌਤ ਹੋ ਗਈ ਸੀ। ਅਰੀਜ਼ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨਾਲ ਕਥਿਤ ਤੌਰ 'ਤੇ ਜੁੜਿਆ ਹੋਇਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਉਹ 4 ਹੋਰਨਾਂ ਨਾਲ ਬਾਟਲਾ ਹਾਊਸ ਵਿੱਚ ਮੌਜੂਦ ਸੀ ਅਤੇ ਮੁਕਾਬਲੇ ਦੌਰਾਨ ਪੁਲਿਸ ਨੂੰ ਚਕਮਾ ਦੇਣ ਵਿੱਚ ਸਫਲ ਹੋ ਗਿਆ ਸੀ।
ਇਹ ਵੀ ਪੜੋ: ਅੰਦੋਲਨਕਾਰੀਆਂ ਲਈ ਕਿਸਾਨਾਂ ਨੇ ਤਿਆਰ ਕੀਤੀ ਟਰਾਲੀ, ਹਰ ਸੁਵਿਧਾ ਮੁਹੱਈਆ
ਮੁਕਾਬਲੇ ਦੌਰਾਨ ਬਾਟਲਾ ਹਾਊਸ ਦੇ ਅਪਾਰਟਮੈਂਟ ਵਿੱਚ ਰਹਿਣ ਵਾਲੇ 5 ਵਿਅਕਤੀਆਂ ਵਿੱਚ ਮੁਹੰਮਦ ਸਾਜਿਦ ਤੇ ਆਤਿਫ ਅਮੀਨ ਸ਼ਾਮਲ ਸਨ, ਜਦੋਂ ਕਿ ਜੁਨੈਦ ਅਤੇ ਸ਼ਹਿਜ਼ਾਦ ਅਹਿਮਦ ਭੱਜ ਗਏ ਅਤੇ ਕਈ ਸਾਲਾਂ ਬਾਅਦ ਫੜੇ ਗਏ ਸੀ। ਮੁਹੰਮਦ ਸੈਫ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਜੁਲਾਈ 2013 ਵਿੱਚ ਇੱਕ ਹੇਠਲੀ ਅਦਾਲਤ ਨੇ ਇਸ ਕੇਸ ਵਿੱਚ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਸ਼ਹਿਜ਼ਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।