ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਇਸੇ ਪਾਰਟੀ ਦੀ ਸੂਬਾ ਸਰਕਾਰ ਵਿੱਚਾਲੇ ਵੱਡੀ ਦਰਾਰ ਆ ਗਈ ਹੈ। ਪਾਰਟੀ ਪ੍ਰਧਾਨ ਨੇ ਸਰਕਾਰ ਨੂੰ ਸਿੱਧੇ ਤੌਰ ‘ਤੇ ਕਿਹਾ ਹੈ ਕਿ ਜੇਕਰ ਮੰਤਰੀ ਮੰਡਲ ਤੋਂ ਸਰਕਾਰ ਨਹੀਂ ਚੱਲਦੀ ਤਾਂ ਇਹ ਪਾਰਟੀ ਦੇ ਹਵਾਲੇ ਕਰ ਦੇਣ ਪਾਰਟੀ ਕਰਕੇ ਵਿਖਾਏਗੀ। ਸਿੱਧੂ ਨੇ ਕਿਹਾ ਕਿ ਨਸ਼ਿਆਂ ਅਤੇ ਬੇਅਦਬੀ ਦੇ ਦੋ ਵੱਡੇ ਮੁੱਦਿਆਂ ‘ਤੇ ਪੰਜਾਬ ਵਿੱਚ ਸਰਕਾਰ ਬਦਲੀ ਗਈ ਸੀ ਪਰ ਨਵੀਂ ਸਰਕਾਰ ਬਣਨ ਦੇ ਨਾਲ ਵੀ ਇਹ ਮੁੱਦੇ ਹੱਲ ਨਹੀਂ ਹੋਏ। ਮੁੱਖ ਮੰਤਰੀ ਬਦਲ ਦਿੱਤਾ ਗਿਆ ਪਰ ਹੋਇਆ ਕੁਝ ਵੀ ਨਹੀਂ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਆਪਣੀ ਭਾਸ਼ਾ ਦੀ ਮਰਿਆਦਾ ਭੁੱਲਣ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਕਿਹਾ ਕਿ 80 ਸਾਲ ਦੇ ਵਿਅਕਤੀ ਨੂੰ ਇੱਜਤ ਦੇਣੀ ਚਾਹੀਦੀ ਹੈ ਪਰ ਉਸ ਨੂੰ ਵੀ ਹੋਰਾਂ ਦੀ ਇੱਜਤ ਕਰਨੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਉਹ ਕਰਤਾਰਪੁਰ ਗਏ ਪਰ ਕੈਪਟਨ ਨੇ ਉਨ੍ਹਾਂ ਬਾਰੇ ਕੀ ਬੋਲਿਆ। ਸਿੱਧੂ ਨੇ ਕੈਪਟਨ ਨੂੰ ਸੁਆਲ ਕੀਤਾ ਕਿ ਜੇਕਰ ‘ਉਸ’ ਨੇ ਕੋਈ ਪ੍ਰਾਪਤੀ ਕੀਤੀ ਹੈ ਤਾਂ ਉਹ ਗਿਣਾਏ।
ਕਾਂਗਰਸ ਤੇ ਸਰਕਾਰ ਵਿਚਾਲੇ ਦਰਾਰ
ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਚੰਨੀ ਮੰਤਰੀ ਮੰਡਲ ਨੂੰ ਕਿਹਾ ਹੈ ਕਿ ਜੇਕਰ ਸਰਕਾਰ ਨਹੀਂ ਸੰਭਲਦੀ ਤਾਂ ਇਸ ਨੂੰ ਪਾਰਟੀ ਦੇ ਹਵਾਲੇ ਦਿਉ, ਅਸੀਂ ਕਰਕੇ ਵਿਖਾਵਾਂਗੇ।
ਸਿੱਧੂ ਦਾ ਸਰਕਾਰ ਨੂੰ ਸਵਾਲ
ਉਨ੍ਹਾਂ ਕਿਹਾ “ਸੱਤਾ ਹਾਸਲ ਕਰਨ ਦੇ ਦੋ ਰਸਤੇ ਹਨ , ਇਕ ਤਾਂ ਲਾਲੀਪੌਪ ਦੇ ਕੇ ਜਾਂ ਪੰਜਾਬ ਦੀ ਤਕਦੀਰ ਬਦਲ ਕੇ , ਮੈਂ ਹਰ ਇਕ ਮੁੱਦੇ 'ਤੇ ਅਪਣੀ ਅਵਾਜ਼ ਬੁਲੰਦ ਕੀਤੀ, ਮੈਂ ਕਿਸੇ ਪਾਪ ਦਾ ਭਾਗੀਦਾਰ ਨਹੀਂ ਹਾਂ। ਬੇਅਦਬੀ ਅਤੇ ਨਸ਼ਿਆਂ ਨੂੰ ਲੈ ਕੇ ਸਰਕਾਰ ਨੇ ਕੀ ਕਦਮ ਚੁੱਕੇ? ਚੰਨੀ ਸਰਕਾਰ ਜਵਾਬ ਦੇਵੇ ਹੁਣ ਤੱਕ ਕੀ ਕੀਤਾ? 90 ਦਿਨਾਂ ਦੀ ਸਰਕਾਰ 'ਚ ਕੀ ਚੱਲ ਰਿਹਾ? ਜਦੋਂ ਅਸੀਂ ਪਿੰਡਾਂ 'ਚ ਜਾਵਾਂਗੇ, ਤਾਂ ਕੀ ਜਵਾਬ ਦਿਆਂਗੇ?”
ਪ੍ਰੈਸ ਕਾਨਫਰੰਸ ਕਰਕੇ ਕੀਤਾ ਖੁਲਾਸਾ
ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ। ਪਹਿਲਾਂ ਸਿੱਧੂ ਨੇ ਆਪਣੇ ਆਪ ਨੂੰ ਪ੍ਰਿਅੰਕਾ ਤੇ ਰਾਹੁਲ ਦਾ ਸਿਪਾਹੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਫੇਰ ਉਨ੍ਹਾਂ ਨੇ ਕਿਹਾ ਕਿ ਆਪਣੇ ਮੁੱਦੇ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਬਣਨ ‘ਤੇ ਡੀਜੀਪੀ ਤੇ ਏਜੀ ਦੀ ਨਿਯੁਕਤੀ ਅਹਿਮ ਮੁੱਦਾ ਸੀ, ਕਿਉਂਕਿ ਇਹ ਸੂਬੇ ਲਈ ਵੱਡੀਆਂ ਨਿਯੁਕਤੀਆਂ ਹੁੰਦੀਆਂ ਹਨ। ਸਿੱਧੂ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਦੇ ਅੱਖਾਂ ਦੇ ਤਾਰੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਲਗਾ ਦਿੱਤਾ ਗਿਆ, ਜਦੋਂਕਿ ਬਹਿਬਲ ਕਲਾਂ ਗੋਲੀਕਾਂਡ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਖੁੱਲ੍ਹੀ ਜਮਾਨਤ ਦਿਵਾਉਣ ਵਾਲੇ ਵਕੀਲ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ, ਜਦੋਂਕਿ ਸੈਣੀ ਦੀ ਜਮਾਨਤ ’ਤੇ ਬਹਿਸ ਕਰਦਿਆਂ ਇਸੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ’ਤੇ ਭਰੋਸਾ ਨਹੀਂ।
ਡੀਜੀਪੀ ਤੇ ਏਜੀ ਦੀ ਨਿਯੁਕਤੀ ਨੂੰ ਗਲਤ ਠਹਿਰਾਇਆ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕੋ ਸ਼ਰਤ ਸੀ ਕਿ ਦਿਓਲ ਦੀ ਨਿਯੁਕਤੀ ਰੱਦ ਕੀਤੀ ਜਾਵੇ ਤੇ ਸਹੋਤਾ ਦੀ ਥਾਂ ਹੋਰ ਨੂੰ ਲਗਾਉਣ ਲਈ ਪੈਨਲ ਭੇਜਿਆ ਜਾਵੇ ਪਰ ਅੱਜ ਪੈਨਲ ਭੇਜਿਆਂ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਡੀਜੀਪੀ ਉਹੀ ਹੈ। ਦੂਜੇ ਪਾਸੇ 80 ਦਿਨਾਂ ਦੀ ਸਰਕਾਰ ਦੇ 50 ਦਿਨ ਬੀਤ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ ਬਰਗਾੜੀ ਤੇ ਨਸ਼ਿਆਂ ਦੇ ਉਹ ਮੁੱਦੇ ਹੱਲ ਨਹੀਂ ਹੋਏ, ਜਿਨ੍ਹਾਂ ਦੇ ਹੱਲ ਦੇ ਨਾਂ ‘ਤੇ ਸਰਕਾਰ ਆਈ ਸੀ ਪਰ ਅਜੇ ਤੱਕ ਕੁਝ ਨਹੀਂ ਹੋਇਆ। ਸਿੱਧੂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੀ ਬਦਲ ਦਿੱਤਾ ਗਿਆ ਤੇ ਦੋ ਮਹੀਨੇ ਵਿੱਚ ਨਾ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਹੱਥ ਪਾਇਆ ਗਿਆ ਤੇ ਤੇ ਦੂਜੇ ਪਾਸੇ ਐਸਟੀਐਫ ਦੀ ਰਿਪੋਰਟ ਖੁੱਲ੍ਹਵਾਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਦੋ ਵੱਡੇ ਮੁੱਦਿਆਂ ‘ਤੇ ਸਰਕਾਰ ਨੇ ਕੁਝ ਨਹੀਂ ਕੀਤਾ
ਪਾਰਟੀ ਨੂੰ ਰਗੜੇ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਦੋ ਵੱਡੇ ਮੁੱਦਿਆਂ ‘ਤੇ ਕੁਝ ਨਹੀਂ ਹੋਇਆ ਤੇ ਹੁਣ ਜਦੋਂ ਪਿੰਡਾਂ ਵਿੱਚ ਜਾਵਾਂਗੇ ਤਾਂ ਹਰ ਗਲੀ ਵਿੱਚ ਚਰਚਾ ਵਿੱਚ ਚੱਲ ਰਹੇ ਇਸ ਮੁੱਦੇ ’ਤੇ ਕੀ ਮੂੰਹ ਵਿਖਾਵਾਂਗੇ, ਕਿਉਂਕਿ ਇਹ ਮਾਮਲਾ ਜਮੀਨ ਨਾਲ ਜੁੜਿਆ ਹੋਇਆ ਹੈ। ਸਿੱਧੂ ਨੇ ਕਿਹਾ ਕਿ ਵੱਡੇ-ਵੱਡੇ ਵਾਅਦੇ ਕਰਕੇ ਲਾਲੀਪੌਪ ਦਿੰਦਿਆਂ ਸੱਤਾ ਹਾਸਲ ਨਹੀਂ ਕਰਨੀ ਚਾਹੀਦੀ। ਪੰਜਾਬ ਨੂੰ ਵੈਲਫੇਅਰ ਸਟੇਟ ਬਣਾਉਣਾ ਚਾਹੀਦਾ ਹੈ ਤੇ ਕਰਜਾ ਖਤਮ ਕੀਤਾ ਜਾਣਾ ਚਾਹੀਦਾ ਹੈ।
ਸੀਐਮ ਚੰਨੀ ਨੂੰ ਚੁਣੌਤੀ, ਨਹੀਂ ਸੰਭਲਦੀ ਸਰਕਾਰ ਤਾਂ ਸਾਨੂੰ ਦਿਉ
ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿਂਦਿਆਂ ਸਾਫ ਲਫ਼ਜਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨਹੀਂ ਚੱਲਦੀ ਤਾਂ ਇਸ ਨੂੰ ਪਾਰਟੀ ਦੇ ਹਵਾਲੇ ਕਰ ਦਿੱਤਾ ਜਾਵੇ, ਪਾਰਟੀ ਇਸ ਨੂੰ ਕਰਕੇ ਵਿਖਾਏਗੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਪਹਿਲਾਂ ਹੀ ਕਿਹਾ ਹੈ ਕਿ 18 ਨੁਕਤਿਆਂ ’ਤੇ ਚੱਲਣਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਬਿਜਲੀ ਬਿਲ ਮਾਫੀ ਕਰਨ ਦਾ ਕੰਮ ਕੀਤਾ ਗਿਆ ਤਾਂ ਉਨ੍ਹਾਂ ਮੰਗ ਕੀਤੀ ਸੀ ਕਿ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਸਤੀਫਾ ਕਿਉਂ ਦਿਂਦਾ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬੇ ਲਈ ਅਸਤੀਫਾ ਦਿੱਤਾ। ਕਿਹਾ ਕਿ ਉਹ ਪੰਜਾਬ ਦੇ ਨਾਲ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ ਤੇ ਕਦੇ ਪਾਪ ਦਾ ਭਾਗੀਦਾਰ ਨਹੀਂ ਬਣਨਗੇ ਤੇ ਹਮੇਸ਼ਾ ਸਿਸਟਮ ਵਿੱਚ ਰਹਿ ਕੇ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਉਨ੍ਹਾਂ ਦੇ ਛੋਟੇ ਭਰਾ ਹਨ।
ਇਹ ਵੀ ਪੜ੍ਹੋ:ਕੈਪਟਨ ਤੇ ਰੰਧਾਵਾ ਵਿਚਾਲੇ ਟਵੀਟ ਵਾਰ, ਵੜਿੰਗ ਤੇ ਜੀਰਾ ਨੇ ਵੀ ਜੋੜੇ ਤਾਰ