ਨਵੀਂ ਦਿੱਲੀ: ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਪੈਣ ਨਾਲ ਲੋਕਾਂ 'ਚ ਕੰਬਨੀ ਛਿੜ ਗਈ ਹੈ। ਕਈ ਇਲਾਕਿਆਂ 'ਚ ਧੁੰਦ ਪੈਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਸ਼ੀਤ ਲਹਿਰ ਹੋਰ ਤੇਜ਼ ਹੋ ਜਾਵੇਗੀ।
ਰੇਲ ਆਵਾਜਾਈ ਅਤੇ ਉਡਾਨਾਂ ਪ੍ਰਭਾਵਤ
ਧੁੰਦ ਨੇ ਰੇਲ ਆਵਾਜਾਈ ਅਤੇ ਉਡਾਨਾਂ ਨੂੰ ਵੀ ਪ੍ਰਭਾਵਤ ਕੀਤਾ ਹੈ, ਬਹੁਤ ਸਾਰੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਏਅਰਪੋਰਟ ਤੋਂ ਘੱਟੋ ਘੱਟ ਚਾਰ ਉਡਾਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਇੱਕ ਉਡਾਨ ਰੱਦ ਕੀਤੀ ਗਈ ਹੈ। ਧੁੰਦ ਕਾਰਨ ਟ੍ਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ।
ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਤਾਪਮਾਨ ਅੱਜ ਸਵੇਰੇ 8 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਹਰਿਆਣਾ ਵਿੱਚ 12 ਡਿਗਰੀ, ਪੰਜਾਬ ਦੇ ਲੁਧਿਆਣਾ ਵਿੱਚ 7 ਡਿਗਰੀ, ਬਠਿੰਡਾ 'ਚ 8 ਡਿਗਰੀ, ਅੰਮ੍ਰਿਤਸਰ 'ਚ 8 ਅਤੇ ਜਲੰਧਰ ਵਿੱਚ 7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।