ਚੰਡੀਗੜ੍ਹ:ਸੋਮਵਾਰ ਸਵੇਰੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਦੇ ਅਸਤੀਫੇ (Resignation of AG APS Deol) ਨੂੰ ਲੈ ਕੇ ਸਰਕਾਰ ਅਤੇ ਪਾਰਟੀ ਵਿਚਾਲੇ ਚੰਗਾ ਡਰਾਮਾ ਹੋਇਆ। ਦੱਸਿਆ ਜਾਂਦਾ ਹੈ ਕਿ ਐਡਵੋਕੇਟ ਜਨਰਲ ਨੇ ਸਵੇਰੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ,ਹਾਲਾਂਕਿ ਏਜੀ ਨੇ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ। ਸ਼ਾਮ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਉਨ੍ਹਾਂ ਅਸਤੀਫ਼ਾ ਦਿੱਤਾ ਜਾ ਨਹੀਂ, ਪਰ ਇੱਕ ਗੱਲ ਸਪਸ਼ਟ ਹੈ ਕਿ ਉਹ ਦੁਪਹਿਰ ਵੇਲੇ ਸੀਐਮ ਹਾਊਸ ਗਏ ਸੀ।
ਸੂਤਰ ਇਹ ਵੀ ਦੱਸਦੇ ਹਨ ਕਿ ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਦਿੱਲੀ ਵੀ ਬੁਲਾਇਆ ਗਿਆ ਸੀ ਤੇ ਇਹ ਵੀ ਪਤਾ ਲੱਗਿਆ ਹੈ ਕਿ ਉਥੇ ਉਨ੍ਹਾਂ ਦੀ ਪਾਰਟੀ ਦੇ ਉੱਚ ਨੇਤਾ ਨਾਲ ਮੁਲਾਕਾਤ ਹੋਈ ਸੀ ਤੇ ਦਿੱਲੀ ਤੋਂ ਪਰਤਣ ਉਪਰੰਤ ਉਨ੍ਹਾਂ ਸੋਮਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਸ ਲਈ ਉਹ ਸੀਐਮ ਹਾਊਸ ਗਏ ਸੀ। ਸੀਐਮ ਹਾਊਸ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਨੂੰ ਦਿਓਲ ਨੇ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ ਕਰਾਰ ਦਿੱਤਾ ਹੈ।
ਹਾਲਾਂਕਿ ਸੂਤਰਾਂ ਦੇ ਮੁਤਾਬਕ ਏਜੀ ਮੁਖ ਮੰਤਰੀ ਨੂੰ ਹੀ ਅਸਤੀਫ਼ਾ ਦੇ ਕੇ ਆਏ ਸੀ, ਲੇਕਿਨ ਮੁਖ ਮੰਤਰੀ ਨੇ ਇਹ ਕਹਿ ਕੇ ਅਸਤੀਫਾ ਨਾ ਮੰਜੂਰ ਕਰ ਦਿੱਤਾ ਕਿ ਉਨ੍ਹਾਂ ਨੇ ਦਿਓਲ ਦੀ ਨਿਯੁਕਤੀ ਕਾਫੀ ਸੋਚ ਵਿਚਾਰ ਕੇ ਹੀ ਕੀਤੀ ਹੈ ਅਤੇ ਜੇ ਉਹ ਅਸਤੀਫ਼ਾ ਦੇ ਦਿੰਦੇ ਹਨ ਤਾਂ ਸਵਾਲ ਚੁਕੇ ਜਾਣਗੇ। ਸੀਐਮ ਨੇ ਦਿਓਲ ਨੂੰ ਏਜੀ ਵਜੋਂ ਆਪਣਾ ਕੰਮ ਕਰਨ ਲਈ ਕਿਹਾ ਹੈ।
ਉਨ੍ਹਾਂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੈਬਨਿਟ ਮੀਟਿੰਗ ਦੌਰਾਨ ਹੀ ਸਿੱਧੂ ਵੱਲੋਂ ਸਰਕਾਰ ’ਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਸ ਕਾਰਨ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਦਾ ਅਸਤੀਫ਼ੇ ਬਾਰੇ ਆਪਣਾ ਮਨ ਬਦਲ ਲਿਆ ਸੀ।ਉਨ੍ਹਾਂ ਨੇ ਅਸਤੀਫਾ ਮੰਜੂਰ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਐਡਵੋਕੇਟ ਜਨਰਲ ਨੇ ਜਨਤਕ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਸੀ। ਮੁੱਖ ਮੰਤਰੀ ਦੇ ਕਰੀਬੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਸਵੇਰ ਤੋਂ ਫੋਨ ਕਾਲਾਂ ਦਾ ਜਵਾਬ ਨਹੀਂ ਦੇ ਰਹੇ ਸਨ, ਜਦੋਂ ਕਿ ਸਾਰੇ ਮੀਡੀਆ ਕਾਮਿਆਂ ਨੇ ਅਸਤੀਫੇ ਦੀ ਖ਼ਬਰ ਦੀ ਪੁਸ਼ਟੀ ਕਰਨਾ ਚਾਹੁੰਦੇ ਸਨ। ਦਿਓਲ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਦੀ ਖ਼ਬਰ ਅਫਵਾਹ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਦਾ ਅਸਤੀਫਾ ਕਿਸੇ ਨੇ ਮੰਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਅਸਤੀਫਾ ਦਿੱਤਾ ਹੈ, ਉਹ ਕੈਬਨਿਟ ਮੀਟਿੰਗ (Cabinet Meeting) ਕਾਰਨ ਮੁੱਖ ਮੰਤਰੀ ਨੂੰ ਮਿਲਣ ਗਏ ਸਨ। ਹਾਲਾਂਕਿ ਦਿਓਲ ਨੇ ਮੰਨਿਆ ਕਿ ਉਨ੍ਹਾਂ 'ਤੇ ਅਸਤੀਫੇ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਅਜੇ ਤੱਕ ਅਜਿਹਾ ਕੁਝ ਨਹੀਂ ਹੈ। ਏਜੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਇਹ ਚਰਚਾ ਕਿਵੇਂ ਚੱਲੀ।
ਇਹ ਵੀ ਪੜ੍ਹੋ:ਜਾਖੜ ਨੇ ਕਸਿਆ ਤੰਜ, ਸਿੱਧੂ-ਚੰਨੀ ਨੂੰ ਦੱਸਿਆ ਰਾਜਸੀ ਸ਼ਰਧਾਲੂ