ਸੰਯੁਕਤ ਰਾਸ਼ਟਰ: ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸ਼ਾਹਿਦ ਮਹਿਮੂਦ ਨੂੰ ਗਲੋਬਲ ਅੱਤਵਾਦੀਆਂ ਵਜੋਂ ਸੂਚੀਬੱਧ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਪਾਕਿਸਤਾਨ ਦੇ ਪੁਰਾਣੇ ਸਹਿਯੋਗੀ ਚੀਨ ਨੇ ਚਾਰ ਮਹੀਨਿਆਂ 'ਚ ਚੌਥੀ ਵਾਰ ਕਿਸੇ ਅੱਤਵਾਦੀ ਨੂੰ ਗਲੋਬਲ ਸੰਗਠਨ ਦੀ ਪਾਬੰਦੀਸ਼ੁਦਾ ਸੂਚੀ 'ਚ ਪਾਉਣ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮਹਿਮੂਦ (42) ਨੂੰ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ।
ਅਮਰੀਕੀ ਖਜ਼ਾਨਾ ਵਿਭਾਗ ਨੇ ਦਸੰਬਰ 2016 ਵਿੱਚ ਮਹਿਮੂਦ ਅਤੇ ਲਸ਼ਕਰ ਦੇ ਇੱਕ ਹੋਰ ਮੈਂਬਰ ਮੁਹੰਮਦ ਸਰਵਰ ਨੂੰ "ਲਸ਼ਕਰ-ਏ-ਤੋਇਬਾ ਫੰਡਿੰਗ ਕੋਸ਼ਿਸ਼ਾਂ ਅਤੇ ਇਸਦੇ ਨੈਟਵਰਕ ਵਿੱਚ ਵਿਘਨ ਪਾਉਣ ਲਈ" ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ। ਚੀਨ ਨੇ ਭਾਰਤ-ਅਮਰੀਕਾ ਦੇ ਇਸ ਪ੍ਰਸਤਾਵ ਨੂੰ ਅਜਿਹੀ ਸਥਿਤੀ ਵਿਚ ਰੋਕ ਦਿੱਤਾ ਹੈ, ਜਦੋਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਮੁੰਬਈ 'ਚ 26/11 ਦੇ ਅੱਤਵਾਦੀ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਅੱਤਵਾਦੀ ਹਮਲੇ 'ਚ ਅਮਰੀਕੀ ਨਾਗਰਿਕਾਂ ਸਮੇਤ 160 ਤੋਂ ਵੱਧ ਲੋਕ ਮਾਰੇ ਗਏ ਸਨ।
ਅਮਰੀਕੀ ਖਜ਼ਾਨਾ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਮਹਿਮੂਦ "ਪਾਕਿਸਤਾਨ ਦੇ ਕਰਾਚੀ ਵਿੱਚ ਲਸ਼ਕਰ ਦਾ ਲੰਬੇ ਸਮੇਂ ਤੋਂ ਮੈਂਬਰ ਹੈ ਅਤੇ ਘੱਟੋ-ਘੱਟ 2007 ਤੋਂ ਸੰਗਠਨ ਨਾਲ ਜੁੜਿਆ ਹੋਇਆ ਹੈ"। ਉਹ ਜੂਨ 2015 ਤੋਂ ਲੈ ਕੇ ਘੱਟੋ-ਘੱਟ ਜੂਨ 2016 ਤੱਕ ਲਸ਼ਕਰ-ਏ-ਇੰਸਾਨੀਅਤ ਫਾਊਂਡੇਸ਼ਨ (FIF) ਦਾ ਉਪ-ਚੇਅਰਮੈਨ ਸੀ। ਵੈੱਬਸਾਈਟ ਮੁਤਾਬਕ ਮਹਿਮੂਦ 2014 'ਚ ਕਰਾਚੀ 'ਚ ਐਫਆਈਐਫ ਦਾ ਮੈਂਬਰ ਸੀ। ਅਗਸਤ 2013 ਵਿੱਚ, ਉਸ ਦੀ ਪਛਾਣ ਲਸ਼ਕਰ-ਏ-ਤੋਇਬਾ ਦੀ ਪ੍ਰਕਾਸ਼ਨ ਬਾਂਹ ਦੇ ਮੈਂਬਰ ਵਜੋਂ ਹੋਈ ਸੀ।
ਪਿਛਲੇ ਚਾਰ ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ '1267 ਅਲ ਕਾਇਦਾ ਪਾਬੰਦੀ ਕਮੇਟੀ' ਦੇ ਤਹਿਤ ਪਾਕਿਸਤਾਨ ਸਥਿਤ ਕਿਸੇ ਅੱਤਵਾਦੀ ਨੂੰ ਗਲੋਬਲ ਅੱਤਵਾਦੀ ਐਲਾਨਣ ਦੇ ਪ੍ਰਸਤਾਵ ਨੂੰ ਰੋਕਿਆ ਹੈ। ਇਸ ਸਾਲ ਜੂਨ 'ਚ ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਕਰਨ ਦੇ ਭਾਰਤ ਅਤੇ ਅਮਰੀਕਾ ਦੇ ਸਾਂਝੇ ਪ੍ਰਸਤਾਵ ਨੂੰ ਰੋਕ ਦਿੱਤਾ ਸੀ। ਮੱਕੀ ਲਸ਼ਕਰ-ਏ-ਤੋਇਬਾ ਦੇ ਮੁਖੀ ਅਤੇ 26/11 ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਾਰ ਹਾਫਿਜ਼ ਸਈਦ ਦਾ ਰਿਸ਼ਤੇਦਾਰ ਹੈ।
ਇਸ ਸਾਲ ਅਗਸਤ 'ਚ ਚੀਨ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦੇ ਨੰਬਰ 2 ਅੱਤਵਾਦੀ ਅਬਦੁਲ ਰਊਫ ਅਜ਼ਹਰ ਨੂੰ ਬਲੈਕਲਿਸਟ ਕਰਨ ਦੇ ਅਮਰੀਕਾ ਅਤੇ ਭਾਰਤ ਦੇ ਪ੍ਰਸਤਾਵ 'ਤੇ ਵੀ ਰੋਕ ਲਗਾ ਦਿੱਤੀ ਸੀ। 1974 'ਚ ਪਾਕਿਸਤਾਨ 'ਚ ਜਨਮੇ ਅਬਦੁਲ ਰਊਫ ਅਜ਼ਹਰ 'ਤੇ ਅਮਰੀਕਾ ਨੇ ਦਸੰਬਰ 2010 'ਚ ਪਾਬੰਦੀ ਲਗਾ ਦਿੱਤੀ ਸੀ। ਉਹ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਨੂੰ ਅਗਵਾ ਕਰਨ ਦਾ ਮੁੱਖ ਸਾਜ਼ਿਸ਼ਕਰਤਾ ਸੀ, ਜਿਸ ਦੇ ਬਦਲੇ ਵਿੱਚ ਉਸ ਦੇ ਭਰਾ ਮਸੂਦ ਅਜ਼ਹਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।