ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਦੁਪਹਿਰ ਇੱਕ ਵਜੇ ਦਿੱਲੀ ਵਿਖੇ ਕੀਤੀ ਜਾਵੇਗੀ। ਦੱਸ ਦਈਏ ਕਿ ਪ੍ਰੋਟੋਕਾਲ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਤੌਰ ਮੁੱਖ ਮੰਤਰੀ ਪਹਿਲੀ ਮੁਲਾਕਾਤ ਹੋਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਸਮੀ ਮੁਲਾਕਾਤ ਲਈ ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ। ਇਸ ਮੌਕੇ ‘ਤੇ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਵੀ ਉਹ PM ਮੋਦੀ ਤੇ ਗ੍ਰਹਿ ਮੰਤਰੀ ਨਾਲ ਚਰਚਾ ਕਰਨਗੇ।
ਕੀ ਹਨ ਪੰਜਾਬ ਦੇ ਅਹਿਮ ਮਸਲੇ: ਸਰਹੱਦੀ ਸੂਬੇ ਪੰਜਾਬ (border state punjab)ਅਤੇ ਕੇਂਦਰ ਸਰਕਾਰ ਵਿਚਾਲੇ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ’ਤੇ ਆਪਸੀ ਤਾਲਮੇਲ ਕਾਫੀ ਜਰੂਰੀ ਹੈ। ਵਿਸ਼ੇਸ਼ ਤੌਰ ’ਤੇ ਸਭ ਤੋਂ ਅਹਿਮ ਮੁੱਦਾ ਸਰਹੱਦੀ ਸੁਰੱਖਿਆ ਦਾ ਹੈ। ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵੱਡੀ ਚੁਣੌਤੀ ਹੈ। ਸਰਹੱਦ ਦੀ ਜ਼ਿੰਮੇਵਾਰੀ ਬੀਐਸਐਫ ਦੀ ਹੈ ਪਰ ਪੰਜਾਬ ਪੁਲਿਸ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ। ਇਸ ਲਈ ਕੇਂਦਰ ਅਤੇ ਰਾਜ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ।
ਇਸ ਤੋਂ ਇਲਾਵਾ ਗੁਆਂਢੀ ਰਾਜਾਂ ਨਾਲ ਵਪਾਰ ਲਈ ਕੌਮਾਂਤਰੀ ਸਰਹੱਦ ਖੋਲ੍ਹਣ, ਜੀਐਸਟੀ ਵਿੱਚ ਪੰਜਾਬ ਦੀ ਹਿੱਸੇਦਾਰੀ ਸਮੇਤ ਕੇਂਦਰ ਨਾਲ ਸਬੰਧਤ ਕਈ ਮੁੱਦੇ ਪੰਜਾਬ ਲਈ ਅਹਿਮ ਹਨ। ਪਿਛਲੇ ਦਿਨੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ (punjab participation in bbmb)’ਤੇ ਕੇਂਦਰ ਨੇ ਵੱਡਾ ਫੇਰਬਦਲ ਕੀਤਾ ਸੀ। ਇਹ ਮੁੱਦਾ ਵੀ ਤਾਜਾ ਹੈ ਤੇ ਕਾਫੀ ਗਰਮਾਇਆ ਹੋਇਆ ਹੈ। ਉਪਰੋਕਤ ਸਾਰੇ ਮੁੱਦਿਆਂ ’ਤੇ ਸੀਐਮ ਤੇ ਪੀਐਮ ਵਿਚਾਲੇ ਹੋਣ ਜਾ ਰਹੀ ਮੁਲਾਕਾਤ ਦੌਰਾਨ ਚਰਚਾ ਹੋਣ ਦੀ ਮਜਬੂਤ ਸੰਭਾਵਨਾ ਹੈ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਖਿਲਾਫ਼ ਅਪਣਾਈ ਜਾਵੇਗੀ ਜ਼ੀਰੋ ਟੋਲਰੈਂਸ ਨੀਤੀ- ਡਾ. ਵਿਜੇ ਸਿੰਗਲਾ