ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਵਿਦੇਸ਼ ਜਾਣ ਦੀ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਆਤਿਸ਼ੀ ਨੇ ਅਗਲੇ ਹਫਤੇ ਬ੍ਰਿਟੇਨ ਜਾਣਾ ਹੈ। ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ 'ਚ ਕਿਹਾ ਕਿ ਜੇਕਰ ਆਤਿਸ਼ੀ ਚਾਹੇ ਤਾਂ ਉਹ ਤੁਰੰਤ ਡਿਪਲੋਮੈਟਿਕ ਵੀਜ਼ਾ ਲਈ ਅਪਲਾਈ ਕਰ ਸਕਦੀ ਹੈ। ਇਸ 'ਚ ਕੋਈ ਰੁਕਾਵਟ ਜਾਂ ਅੜਚਨ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਆਤਿਸ਼ੀ ਨੂੰ ਸਿਆਸੀ ਮਨਜ਼ੂਰੀ ਨਾਲ ਮੰਗਲਵਾਰ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਇਹ ਮਾਮਲਾ ਆਰਥਿਕ ਮਾਮਲਿਆਂ ਦੇ ਮੰਤਰਾਲੇ ਕੋਲ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਕੇਂਦਰ ਨੂੰ ਉਸ ਦੀ ਵਿਦੇਸ਼ ਯਾਤਰਾ ਲਈ ਲੋੜੀਂਦੀ ਮਨਜ਼ੂਰੀ 'ਤੇ ਫੈਸਲਾ ਲੈਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ। ਸਿੱਖਿਆ ਮੰਤਰੀ ਦੀ ਪਟੀਸ਼ਨ 'ਤੇ ਜਸਟਿਸ ਚੰਦਰ ਧਾਰੀ ਸਿੰਘ ਅਤੇ ਜਸਟਿਸ ਵਿਕਾਸ ਮਹਾਜਨ ਦੀ ਛੁੱਟੀ ਵਾਲੇ ਬੈਂਚ ਅੱਗੇ ਸੁਣਵਾਈ ਹੋਈ। ਉਨ੍ਹਾਂ ਨੇ ਇਹ ਅਰਜ਼ੀ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਮੁੱਦੇ ਨਾਲ ਸਬੰਧਤ ਲੰਬਿਤ ਪਟੀਸ਼ਨ ਤਹਿਤ ਦਿੱਤੀ ਹੈ।
ਆਤਿਸ਼ੀ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ: ਦੱਸ ਦੇਈਏ ਕਿ 'ਆਪ' ਨੇਤਾ ਨੂੰ ਕੈਂਬਰਿਜ ਯੂਨੀਵਰਸਿਟੀ ਨੇ 15 ਜੂਨ ਨੂੰ ਹੋਣ ਵਾਲੀ ਕਾਨਫਰੰਸ 'ਚ ਬੋਲਣ ਲਈ ਬੁਲਾਇਆ ਹੈ। ਪਟੀਸ਼ਨ 'ਚ ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਲਈ ਇਹ ਦੌਰਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ ਸਿੱਖਿਆ, ਸਿਹਤ ਅਤੇ ਸ਼ਹਿਰੀ ਵਿਕਾਸ ਦੇ ਖੇਤਰਾਂ 'ਚ ਹੋਈ ਤਰੱਕੀ ਦਿਖਾਉਣ ਦਾ ਮੌਕਾ ਮਿਲੇਗਾ। ਐਡਵੋਕੇਟ ਭਰਤ ਗੁਪਤਾ ਅਤੇ ਹੋਰਨਾਂ ਰਾਹੀਂ ਦਾਇਰ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਪਟੀਸ਼ਨਰ ਦੇ ਵਿਦੇਸ਼ ਜਾਣ ਦੇ ਅਧਿਕਾਰ ’ਤੇ ਰੋਕ ਲਗਾਉਣਾ ਉਸ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਹੈ। ਇਹ ਵੀ ਕਿਹਾ ਗਿਆ ਕਿ ਦਿੱਲੀ ਸਰਕਾਰ ਨੇ ਪਿਛਲੇ ਮਹੀਨੇ ਯਾਤਰਾ ਲਈ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਸੀ, ਉਪ ਰਾਜਪਾਲ ਵੱਲੋਂ ਪ੍ਰਸਤਾਵ ਅੱਗੇ ਭੇਜੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਸਿਰਫ਼ ਸਵਾਲ ਪੁੱਛ ਰਹੀ ਹੈ ਅਤੇ ਸਪਸ਼ਟੀਕਰਨ ਮੰਗ ਰਹੀ ਹੈ। ਇਸ ਤਰ੍ਹਾਂ ਵੀਜ਼ਾ ਲਈ ਅਪਲਾਈ ਕਰਨ ਸਮੇਤ ਸਾਰੀ ਪ੍ਰਕਿਰਿਆ ਵਿੱਚ ਦੇਰੀ ਹੋ ਜਾਵੇਗੀ।