ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਨੌਵਾਂ ਦਿਨ ਹੈ। ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਤਾਮਿਲਨਾਡੂ ਦੇ ਕੂਨੂਰ 'ਚ ਫੌਜੀ ਹੈਲੀਕਾਪਟਰ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਲੋਕ ਸਭਾ ਅਤੇ ਰਾਜ ਸਭਾ 'ਚ ਬਿਆਨ ਦਿੱਤਾ।
ਰੱਖਿਆ ਮੰਤਰੀ ਨੇ ਕਿਹਾ ਕਿ ਜਨਰਲ ਬਿਪਿਨ ਰਾਵਤ ਆਪਣੇ ਨਿਰਧਾਰਤ ਦੌਰੇ ਦੇ ਲਈ ਤਮਿਲਨਾਡੂ ਦੇ ਵੇਲਿੰਗਟਨ ਜਾ ਰਹੇ ਸੀ। ਹਵਾਈ ਫੌਜ ਦੇ Mi-17 V5 ਹੈਲੀਕਾਪਟਰ ਬੀਤੇ ਦਿਨ 11:48 ਵਜੇ ਸੁਲੂਰ ਏਅਰ ਬੇਸ ਤੋਂ ਆਪਣੀ ਉਡਾਨ ਭਰੀ ਅਤੇ ਇਸ ਨੂੰ 12:15 ਵਜੇ ਵੇਲਿੰਗਟਨ ਲੈਂਡ ਕਰਨਾ ਸੀ। ਪਰ ਸੁਲੂਰ ਏਅਰ ਬੇਸ ਦੇ ਏਅਰ ਟ੍ਰੈਫਿਕ ਕੰਟ੍ਰੋਲ ਨੇ 12:08 ਵਜੇ ਆਪਣਾ ਸੰਪਰਕ ਗੁਆ ਦਿੱਤਾ। ਕੁਝ ਸਥਾਨਕ ਲੋਕਾਂ ਨੇ ਇਸ ਹੈਲੀਕਾਪਟਰ ਨੂੰ ਅੱਗ ਦੀ ਲਪੇਟ 'ਚ ਦੇਖਿਆ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ। ਇਸ ਹਾਦਸੇ 'ਚ 14 'ਚੋਂ 13 ਲੋਕਾਂ ਦੀ ਮੌਤ ਹੋ ਗਈ।
ਕੈਪਟਨ ਵਰੂਣ ਸਿੰਘ ਲਾਈਫ ਸਪੋਰਟ ’ਤੇ
ਰਾਜਨਾਥ ਸਿੰਘ ਨੇ ਦੱਸਿਆ ਕਿ ਹੈਲੀਕਾਪਟਰ ਹਾਦਸੇ 'ਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ 'ਚ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਭਾਰਤ ਦੇ ਪਹਿਲੇ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ (CDS Gen Bipin Rawat), ਉਨ੍ਹਾਂ ਦੀ ਪਤਨੀ ਡਾਕਟਰ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ।
ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਹੈਲੀਕਾਪਟਰ ਦੁਰਘਟਨਾ ਵਿੱਚ ਹੋਈ ਮੌਤ 'ਤੇ ਦੁੱਖੀ ਹਾਂ।
ਖ਼ਬਰ ਦਾ ਅਪਡੇਟ ਜਾਰੀ ਹੈ...