ਨਵੀਂ ਦਿੱਲੀ: ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਦਾਇਰ ਸੀਬੀਆਈ ਦੀ ਚਾਰਜਸ਼ੀਟ ’ਤੇ ਅਦਾਲਤ ਵਿੱਚ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਅਦਾਲਤ ਨੂੰ ਕਈ ਅਹਿਮ ਤੱਥ ਦੱਸੇ ਗਏ। ਸੀਬੀਆਈ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਸਿਸੋਦੀਆ ਨੇ ਕਬੂਲ ਕੀਤਾ ਹੈ ਕਿ ਉਸਨੇ ਡਿਜੀਟਲ ਸਬੂਤ ਨਸ਼ਟ ਕਰਨ ਲਈ ਦੋ ਮੋਬਾਈਲ ਫੋਨ ਨਸ਼ਟ ਕੀਤੇ। ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਸਿਸੋਦੀਆ ਨੂੰ ਦੋਸ਼ੀ ਨੰਬਰ ਇੱਕ ਬਣਾਇਆ ਹੈ।
ਸੀਬੀਆਈ ਨੇ ਸਿਸੋਦੀਆ ਨੂੰ ਪੁੱਛਗਿੱਛ ਦੌਰਾਨ ਮਨਮਾਨੇ ਢੰਗ ਨਾਲ ਸਵਾਲਾਂ ਦੇ ਜਵਾਬ ਦੇਣ, ਆਬਕਾਰੀ ਨੀਤੀ ਨਾਲ ਸਬੰਧਤ ਡਿਜੀਟਲ ਸਬੂਤ ਮਿਟਾਉਣ ਦੇ ਇਲਜ਼ਾਮਾਂ ਤਹਿਤ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਸੀਬੀਆਈ ਨੇ ਸਿਸੋਦੀਆ ਦਾ ਆਖਰੀ ਮੋਬਾਈਲ ਹੈਂਡਸੈਟ 19 ਅਗਸਤ 2022 ਨੂੰ ਜ਼ਬਤ ਕੀਤਾ ਸੀ। ਸਿਸੋਦੀਆ 22 ਜੁਲਾਈ 2022 ਤੋਂ ਜ਼ਬਤ ਕੀਤੇ ਗਏ ਫ਼ੋਨ ਦੀ ਵਰਤੋਂ ਕਰ ਰਿਹਾ ਸੀ। ਉਦੋਂ ਗ੍ਰਹਿ ਮੰਤਰਾਲੇ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਸੀ। ਸੀਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੇ ਸੰਕੇਤ ਮਿਲਣ ਤੋਂ ਬਾਅਦ ਸਿਸੋਦੀਆ ਨੇ ਆਪਣਾ ਪੁਰਾਣਾ ਫ਼ੋਨ ਨਸ਼ਟ ਕਰ ਦਿੱਤਾ ਅਤੇ ਨਵੇਂ ਫ਼ੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ।
1 ਸਾਲ 'ਚ 14 ਮੋਬਾਈਲ ਬਦਲਣ ਦੇ ਇਲਜ਼ਾਮ 'ਚ ਸਿਸੋਦੀਆ ਵਿਰੁੱਧ 4 ਮਈ ਨੂੰ ਈਡੀ ਵੱਲੋਂ ਪੇਸ਼ ਕੀਤੀ ਗਈ ਪੂਰਕ ਚਾਰਜਸ਼ੀਟ 'ਚ ਸਿਸੋਦੀਆ 'ਤੇ ਨਵੀਂ ਆਬਕਾਰੀ ਨੀਤੀ ਤਿਆਰ ਕਰਨ ਤੋਂ ਲੈ ਕੇ ਸਾਲ 2021 ਤੋਂ 2022 ਦੌਰਾਨ 14 ਵੱਖ-ਵੱਖ ਮੋਬਾਈਲ ਫ਼ੋਨ ਬਦਲਣ ਦਾ ਇਲਜ਼ਾੰ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਫ਼ੋਨ ਈਡੀ ਨੇ ਜ਼ਬਤ ਕੀਤੇ ਹਨ। ਦੋ ਫ਼ੋਨਾਂ ਦਾ ਪਤਾ ਨਹੀਂ ਲੱਗਾ।