ਚੰਡੀਗੜ੍ਹ: ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਇੱਕ ਮਾਮਲੇ ’ਚ 17 ਫਰਵਰੀ ਤੱਕ ਜਵਾਬ ਮੰਗਿਆ ਹੈ। ਦਰਅਸਰ 5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਨੇ ਮਨੀਮਾਜਰਾ ਥਾਣੇ ਦੀ ਐੱਸ.ਐੱਚ.ਓ. ਰਹੀ ਇੰਸਪੈਕਟਰ ਜਸਵਿੰਦਰ ਕੌਰ ਦੇ ਖ਼ਿਲਾਫ਼ ਬਿਆਨ ਦਿੱਤੇ ਸਨ। ਜਿਸ ਤੋਂ ਮਗਰੋਂ ਸੀ.ਬੀ.ਆਈ. ਨੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਨੂੰ ਗਵਾਹ ਬਣਾਉਣ ਦੀ ਬਜਾਏ ਮੁਲਜ਼ਮ ਹੀ ਬਣਾ ਦਿੱਤਾ। ਇਸ ਮਾਮਲੇ ’ਚ ਸਰਬਜੀਤ ਸਿੰਘ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਮੰਗ ਕੀਤੀ ਹੈ ਕਿ ਉਸ ਨੂੰ ਕੇਸ ਵਿੱਚ ਗਵਾਹ ਬਣਾਇਆ ਜਾਵੇ। ਇਸ 'ਤੇ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।
ਪਿਛਲੇ ਮਹੀਨੇ ਸੀ.ਬੀ.ਆਈ. ਨੇ ਇਸ ਕੇਸ ਵਿੱਚ ਜਸਵਿੰਦਰ ਕੌਰ ਦੇ ਨਾਲ ਪੰਜ ਦੇ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸੀ। ਇਸ ਵਿੱਚ ਸਰਬਜੀਤ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ। ਸਰਬਜੀਤ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਦੱਸਿਆ ਕਿ ਸਰਬਜੀਤ ਦਾ ਤਾਂ ਇਸ ਕੇਸ ਤੋਂ ਕੋਈ ਲੈਣਾ ਦੇਣਾ ਹੀ ਨਹੀਂ ਹੈ। ਉਸ ਨੂੰ ਤਾਂ ਸੀ.ਬੀ.ਆਈ. ਨੇ ਗਵਾਹ ਬਣਾਇਆ ਸੀ। ਬਕਾਇਦਾ ਸੀ.ਆਰ.ਪੀ.ਸੀ. ਦੇ 164 ਬਿਆਨ ਵੀ ਹੋਏ ਸੀ, ਜਿਸ ਵਿੱਚ ਉਸ ਨੇ ਜਸਵਿੰਦਰ ਕੌਰ ਦੇ ਖ਼ਿਲਾਫ਼ ਬਿਆਨ ਦਿੱਤੇ ਸੀ। ਪਰ ਹੁਣ ਸੀ.ਬੀ.ਆਈ. ਨੇ ਚਾਰਜਸ਼ੀਟ ਫਾਈਲ ਕੀਤੀ ਤਾਂ ਸਰਬਜੀਤ ਨੂੰ ਪ੍ਰਾਸੀਕਿਊਸ਼ਨ ਵਿਟਨੈੱਸ ਬਣਾਉਣ ਦੀ ਬਜਾਏ ਮੁਲਜ਼ਮ ਹੀ ਬਣਾ ਦਿੱਤਾ।
ਉਹਨਾਂ ਕਿਹਾ ਕਿ ਸਰਬਜੀਤ ਨੇ ਸਿਰਫ਼ ਸ਼ਿਕਾਇਤਕਰਤਾ ਗੁਰਦੀਪ ਅਤੇ ਮੁਲਜ਼ਮ ਰਣਧੀਰ ਦੇ ਵਿੱਚ ਹੋਏ ਸਮਝੌਤੇ ਨੂੰ ਲਿਖਿਆ ਸੀ ਤੇ ਇਸ ਸਮਝੌਤੇ ਦੇ ਬਾਰੇ ਉਨ੍ਹਾਂ ਨੇ ਸੀ.ਬੀ.ਆਈ. ਨੂੰ ਜਾਣਕਾਰੀ ਦਿੱਤੀ ਸੀ। ਸੀ.ਬੀ.ਆਈ. ਨੇ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਵਿਚੋਲੀਏ ਭਗਵਾਨ ਸਿੰਘ ਨੂੰ 30 ਜੂਨ 2020 ਨੂੰ ਗ੍ਰਿਫ਼ਤਾਰ ਕੀਤਾ ਸੀ। ਗੁਰਦੀਪ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਖ਼ਿਲਾਫ਼ ਰਣਧੀਰ ਸਿੰਘ ਨਾਮ ਦੇ ਸ਼ਖ਼ਸ ਨੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ।
ਉਸ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਵਿਚ ਜਸਵਿੰਦਰ ਕੌਰ ਨੇ ਭਗਵਾਨ ਸਿੰਘ ਦੇ ਜ਼ਰੀਏ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਜਦ ਭਗਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਉਸ ਨੇ ਇੰਸਪੈਕਟਰ ਜਸਵਿੰਦਰ ਕੌਰ ਦਾ ਵੀ ਨਾਮ ਲਿਆ ਸੀ। ਜਿਸ ਤੋਂ ਬਾਅਦ ਸੀ.ਬੀ.ਆਈ. ਨੇ ਜਸਵਿੰਦਰ ਕੌਰ ਦੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ। ਜਸਵਿੰਦਰ ਨੇ ਇੱਕ ਮਹੀਨੇ ਬਾਅਦ ਕੋਰਟ ਵਿੱਚ ਸਰੰਡਰ ਕਰ ਦਿੱਤਾ ਸੀ। ਸੀ.ਬੀ.ਆਈ. ਨੇ ਪਿਛਲੇ ਸਾਲ ਇਸ ਕੇਸ ’ਚ ਚਾਰਜਸ਼ੀਟ ਫਾਈਲ ਕਰ ਦਿੱਤੀ ਸੀ। ਜਿਸ ਵਿੱਚ ਜਸਵਿੰਦਰ ਦੇ ਇਲਾਵਾ ਭਗਵਾਨ ਸਿੰਘ, ਅਮਰਜੀਤ ਸਿੰਘ, ਰਣਧੀਰ ਸਿੰਘ ,ਨਰਪਿੰਦਰ ਸਿੰਘ ਅਤੇ ਸਰਬਜੀਤ ਸਿੰਘ ਮੁਲਜ਼ਮ ਹਨ ।